ਡੇਰਾਬੱਸੀ, 19 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਵਾ. ਨੰ. 9 'ਚ ਸਥਾਨਕ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ, ਜਿਥੋਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਪਹਿਲੀ ਵਾਰ ਚੋਣ ਮੈਦਾਨ 'ਚ ਉਤਰੇ ਮਹਿਲਾ ਉਮੀਦਵਾਰ ਨਰਿੰਦਰ ਕੌਰ ਪਤਨੀ ਮੋਹਨ ਸੈਣੀ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਦੌਰਾਨ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਨਰਿੰਦਰ ਕੌਰ ਨੇ ਆਖਿਆ ਕਿ ਮੈਂ ਰਾਜਨੀਤੀ 'ਚ ਕਿਸੇ ਨਿੱਜੀ ਸਵਾਰਥ ਜਾਂ ਅਹੁਦੇ ਦੀ ਲਾਲਸਾ ਲਈ ਨਹੀਂ ਆਈ, ਬਲਕਿ ਵਾ. ਨੰ. 9 ਦੇ ਪਰਿਵਾਰਾਂ ਦੀ ਸੱਚੇ ਦਿਲੋਂ ਸੇਵਾ ਕਰਨ ਅਤੇ ਇਥੋਂ ਦੀਆਂ ਪੁਰਾਣੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਚੋਣ ਮੈਦਾਨ 'ਚ ਉਤਰੀ ਹਾਂ | ਉਨ੍ਹਾਂ ਕਿਹਾ ਕਿ ਉਹ ਵਾਰਡ ਦੇ ਬਜ਼ੁਰਗਾਂ, ਮਹਿਲਾਵਾਂ ਅਤੇ ਨੌਜਵਾਨਾਂ ਨਾਲ ਘਰ-ਘਰ ਜਾ ਕੇ ਮੁਲਾਕਾਤ ਕਰ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਅਥਾਹ ਪਿਆਰ ਅਤੇ ਅਸ਼ੀਰਵਾਦ ਮਿਲ ਰਿਹਾ ਹੈ, ਜਿਸ ਨਾਲ ਮੇਰੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ | ਇਸੇ ਦੌਰਾਨ ਵੋਟਰਾਂ ਸਾਹਮਣੇ ਭਵਿੱਖ ਦਾ ਰੋਡਮੈਪ ਰੱਖਦਿਆਂ ਉਮੀਦਵਾਰ ਨਰਿੰਦਰ ਕੌਰ ਨੇ ਬੇਹੱਦ ਦਿ੍ੜਤਾ ਨਾਲ ਆਖਿਆ ਕਿ ਮੇਰੇ ਵਾਰਡ ਦੇ ਨਿਵਾਸੀ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਪ੍ਰੇਸ਼ਾਨੀਆਂ ਝੱਲ ਰਹੇ ਹਨ, ਪਰ ਮੈਂ ਵਾਅਦਾ ਕਰਦੀ ਹਾਂ ਕਿ ਚੋਣ ਜਿੱਤਣ ਤੋਂ ਬਾਅਦ ਵਾਰਡ ਦੀ ਨੁਹਾਰ ਬਦਲਣਾ ਹੀ ਮੇਰਾ ਇਕੋ-ਇਕ ਮੁੱਖ ਤਰਜ਼ੀਹ ਹੋਵੇਗੀ |