ਐੱਸ. ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)- ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ ਨੇ ਦੱਸਿਆ ਕਿ ਜਨਗਣਨਾ-2027 ਲਈ ਅਧਿਆਪਕਾਂ ਦੀਆਂ ਦੂਰ-ਦੁਰਾਡੇ ਦੇ ਖੇਤਰਾਂ ਵਿਚ ਡਿਊਟੀਆਂ ਲਗਾਏ ਜਾਣ ਕਾਰਨ ਉਹ ਮਾਨਸਿਕ ਤਣਾਅ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਅਧਿਆਪਕ ਆਗੂਆਂ ਵਲੋਂ ਕਮਿਸ਼ਨਰ ਨਗਰ ਨਿਗਮ ਨੂੰ ਮਿਲ ਕੇ ਦਰਪੇਸ਼ ਸਮੱਸਿਆਵਾਂ ਸੰਬੰਧੀ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਆਗੂਆਂ ਦੀ ਗੱਲ ਸੁਣਨ ਦੀ ਥਾਂ ਮਿਲਣ ਤੋਂ ਇਨਕਾਰ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਆਗੂਆਂ ਵਲੋਂ ਜੋਰ ਪਾਉਣ 'ਤੇ ਦਫ਼ਤਰ ਵਲੋਂ ਉਨ੍ਹਾਂ ਦੀ ਜੁਆਇੰਟ ਕਮਿਸ਼ਨਰ ਨਾਲ ਮੁਲਾਕਾਤ ਕਰਵਾਈ ਗਈ, ਜਿਨ੍ਹਾਂ ਨੂੰ ਅਧਿਆਪਕਾਂ ਦੀ ਡਿਊਟੀ ਤਹਿਸੀਲ ਤੋਂ ਬਾਹਰ ਲਗਾਉਣ ਸੰਬੰਧੀ ਸੁਰੱਖਿਆ ਅਤੇ ਆਵਾਜਾਈ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ | ਇਸ ਦੌਰਾਨ ਜੁਆਇੰਟ ਕਮਿਸ਼ਨਰ ਵਲੋਂ ਅਧਿਆਪਕਾਂ ਦੀਆਂ ਜਾਇਜ਼ ਚਿੰਤਾਵਾਂ ਨੂੰ ਗੰਭੀਰਤਾ ਨਾਲ ਸੁਣਨ ਦੀ ਬਜਾਏ ਬੇਇਤਬਾਰੀ ਅਤੇ ਬੇਭਰੋਸਗੀ ਵਾਲਾ ਰਵੱਈਆ ਅਪਣਾਇਆ ਗਿਆ | ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਮੁਹਾਲੀ ਪਿੰਡ 'ਚ ਮਹਿਲਾ ਜਨ-ਗਣਨਾਕਾਰ ਨਾਲ ਲੋਕਾਂ ਵਲੋਂ ਦੁਰਵਿਵਹਾਰ ਕਰਨ ਸੰਬੰਧੀ ਜਾਣੂ ਕਰਵਾਇਆ ਗਿਆ ਤਾਂ ਕਮਿਸ਼ਨਰ ਵਲੋਂ ਮਹਿਲਾ ਦੀਆਂ ਸੁਰੱਖਿਆ ਨੂੰ ਅਣਗੌਲਿਆ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਅਧਿਕਾਰੀਆਂ ਵਲੋਂ ਅਧਿਆਪਕਾ ਪ੍ਰਤੀ ਅਪਣਾਏ ਜਾ ਰਹੇ ਮਾੜੇ ਰਵੱਈਏ ਨੂੰ ਦੇਖਦਿਆਂ ਜੀ. ਟੀ. ਯੂ. ਤੇ ਪ. ਸ. ਸ. ਫ. ਵਲੋਂ ਸਾਂਝੇ ਤੌਰ 'ਤੇ 21 ਮਈ ਨੂੰ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ |