ਐੱਸ .ਏ. ਐੱਸ. ਨਗਰ, 19 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਫ਼ੇਜ਼ 10 ਸਥਿਤ ਕਿਰਤ ਭਵਨ ਦੇ ਸਾਹਮਣੇ ਪੰਜਾਬ ਏਟਕ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਮਜ਼ਦੂਰ ਮਾਰੂ ਨੀਤੀਆਂ ਖ਼ਿਲਾਫ਼ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ, ਜਿਸ ਵਿਚ ਪੰਜਾਬ ਏਟਕ ਤੇ ਅਤੇ ਪ. ਸ. ਸ. ਫ. ਦੇ ਸੈਂਕੜਿਆਂ ਦੀ ਗਿਣਤੀ 'ਚ ਪਹੁੰਚੇ ਆਗੂਆਂ ਤੇ ਵਰਕਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਪ. ਸ. ਸ. ਫ. ਦੇ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਗਦੀਸ਼ ਸਿੰਘ ਚਾਹਲ, ਕਸ਼ਮੀਰ ਗਦਾਈਆ, ਦਲਜੀਤ ਸਿੰਘ, ਮਨਜੀਤ ਸਿੰਘ ਬਾਸਰਕੇ ਤੇ ਵਿਨੋਦ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ 14 ਸਾਲਾਂ ਬਾਅਦ ਕਿਰਤੀਆਂ ਦੀਆਂ ਉਜ਼ਰਤਾਂ 'ਚ ਮਾਮੂਲੀ ਵਾਧਾ ਕਰਕੇ ਘੱਟੋ-ਘੱਟ ਉਜਰਤ 13,486 ਰੁ. ਪ੍ਰਤੀ ਮਹੀਨਾ ਕਰਕੇ ਵਰਕਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਕੰਮ ਕਰਦੇ ਹੋਏ ਭੱਦਾ ਮਜ਼ਾਕ ਕੀਤਾ ਹੈ, ਜਦਕਿ ਮਹਿੰਗਾਈ ਦੇ ਇਸ ਦੌਰ 'ਚ ਇਹ ਉਜਰਤ ਘੱਟੋ-ਘੱਟ 35,000 ਰੁ. ਪ੍ਰਤੀ ਮਹੀਨਾ ਕਰਨੀ ਬਣਦੀ ਸੀ | ਇਸ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਘੱਟੋ-ਘੱਟ ਉਜਰਤ 35,000 ਰੁ. ਪ੍ਰਤੀ ਮਹੀਨਾ ਕਰਨ, ਸਰਕਾਰ ਵਲੋਂ ਆਪਣੇ ਵਾਅਦਿਆਂ ਮੁਤਾਬਿਕ ਕੰਟਰੈਕਟ/ਆਊਟ ਸੋਰਸ ਅਤੇ ਹਰ ਕਿਸਮ ਦੇ ਅਸਥਾਈ ਵਰਕਰਾਂ ਨੂੰ ਰੈਗੂਲਰ ਕਰਨ, ਸਕੀਮ ਵਰਕਰਾਂ ਨੂੰ ਵਰਕਰ ਦਾ ਦਰਜਾ ਦੇ ਕੇ ਨਿਯਮਿਤ ਕਰਨ, ਚਾਰ ਲੇਬਰ ਕੋਡਜ਼ ਪੰਜਾਬ ਵਿਚ ਲਾਗੂ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮੁਲਾਜ਼ਮਾਂ ਦੇ ਪੇ-ਕਮਿਸ਼ਨ ਅਤੇ ਡੀ. ਏ. ਦੇ ਬਕਾਏ ਇਕ ਮੁਸ਼ਤ ਦੇਣ, 18 ਫ਼ੀਸਦੀ ਡੀ. ਏ. ਦੀਆਂ ਕਿਸ਼ਤਾਂ ਜਾਰੀ ਕਰਨ, ਸਰਕਾਰੀ ਟਰਾਂਸਪੋਰਟ ਵਿਚ ਆਪਣੀ ਮਾਲਕੀ ਵਾਲੀਆਂ 1000 ਨਵੀਆਂ ਬੱਸਾਂ ਤੁਰੰਤ ਪਾਉਣ ਅਤੇ ਪੀ. ਆਰ. ਟੀ. ਸੀ.-ਪਨਬੱਸ ਨੂੰ ਮੁਫ਼ਤ ਸਫ਼ਰ ਸਹੂਲਤਾਂ ਦੀ 1200 ਕਰੋੜ ਰੁ. ਦੀ ਬਕਾਇਆ ਰਾਸ਼ੀ ਜਾਰੀ ਕਰਨ, ਉਸਾਰੀ ਕਿਰਤੀਆਂ ਦੇ ਦਫ਼ਤਰਾਂ ਵਿਚ ਲੰਬਿਤ ਪਏ ਕੇਸ ਕਲੀਅਰ ਕਰਨ, ਮਨਰੇਗਾ ਐਕਟ ਬਹਾਲ ਕਰਕੇ 200 ਦਿਨ ਕੰਮ ਦੀ ਗਾਰੰਟੀ ਦੇਣ, ਮਨਰੇਗਾ ਐਕਟ ਸ਼ਹਿਰਾਂ 'ਚ ਵੀ ਲਾਗੂ ਕਰਕੇ 1000 ਰੁ. ਦਿਹਾੜੀ ਕਰਨ ਅਤੇ ਪਿੰਡਾਂ ਵਿਚ ਰੁਕੇ ਹੋਏ ਕੰਮ ਚਾਲੂ ਕਰਨ ਦੀ ਮੰਗ ਕੀਤੀ | ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਤੇਜ ਕਰਨਗੇ | ਇਸ ਮੌਕੇ ਕਿਸਾਨ ਸਭਾ ਦੇ ਸੂਬਾਈ ਆਗੂ ਹਰਦੇਵ ਅਰਸ਼ੀ, ਦਰਸ਼ਨ ਸਿੰਘ ਲੁਬਾਣਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਪਰਮਜੀਤ ਢਾਬਾਂ, ਨਰਿੰਦਰ ਸਿੰਘ ਬੱਲ, ਹਰਵਿੰਦਰ ਸਿੰਘ ਅਕਾਲਗੜ੍ਹ, ਵਿਜੈ ਕੁਮਾਰ, ਅਮਰਜੀਤ ਕੌਰ, ਪ੍ਰਦੀਪ ਕੁਮਾਰ, ਮੁਹੰਮਦ ਖਲੀਲ, ਜੈਪਾਲ ਸਿੰਘ, ਵਿਨੋਦ ਚੁੱਘ, ਅਮਰਜੀਤ ਆਸਲ ਆਦਿ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ |