30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਾਬਕਾ ਕਿਸਾਨ ਆਗੂ ਨੂੰ ਗੈਂਗਸਟਰ ਵਲੋਂ ਜਾਨੋਂ ਮਾਰਨ ਦੀ ਧਮਕੀ <br/>

ਅਜੀਤ ਡੈਸਕ 05-06-2026
ਐੱਸ. ਏ. ਐੱਸ. ਨਗਰ, 4 ਜੂਨ (ਕਪਿਲ ਵਧਵਾ)- ਪਿੰਡ ਗੀਗੇ ਮਾਜਰਾ ਦੇ ਵਸਨੀਕ ਅਤੇ ਸਾਬਕਾ ਫੌਜੀ ਤੇ ਬੀ. ਕੇ. ਐਮ. ਯੂ. ਪੰਜਾਬ ਦੇ ਪ੍ਰਧਾਨ ਮੱਖਣ ਸਿੰਘ ਨੂੰ ਕਥਿਤ ਤੌਰ 'ਤੇ ਇਕ ਗੈਂਗਸਟਰ ਵਲੋਂ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਇਸ ਮਾਮਲੇ 'ਚ ਮੱਖਣ ਸਿੰਘ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ 24 ਮਈ 2026 ਦੀ ਸ਼ਾਮ ਕਰੀਬ 8:52 ਵਜੇ ਉਸ ਨੂੰ ਇਕ ਭਾਰਤੀ ਮੋਬਾਈਲ ਨੰਬਰ ਤੋਂ ਵਟਸਐਪ ਕਾਲ ਆਈ ਸੀ, ਜਿਸ ਦੇ ਸ਼ੁਰੂ ਵਿਚ ਕਾਲ ਨਾ ਚੁੱਕਣ ਤੋਂ ਬਾਅਦ ਜਦੋਂ ਉਸ ਨੇ ਵਾਪਸ ਸੰਪਰਕ ਕੀਤਾ ਤਾਂ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਜੇਲ੍ਹ ਵਿਚ ਬੰਦ 'ਸੰਧੂ' ਨਾਮਕ ਗੈਂਗਸਟਰ ਦੱਸਿਆ | ਸ਼ਿਕਾਇਤ ਅਨੁਸਾਰ ਕਾਲ ਕਰਨ ਵਾਲੇ ਨੇ ਉਸ ਤੇ ਉਸ ਦੇ ਪਰਿਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰਵਾਉਣ ਦੀ ਧਮਕੀ ਦਿੱਤੀ | ਦਰਖ਼ਾਸਤ ਵਿਚ ਮੱਖਣ ਸਿੰਘ ਨੇ ਦਾਅਵਾ ਕੀਤਾ ਕਿ 16 ਮਈ ਨੂੰ ਜ਼ਮੀਨ ਵਿਚ ਪਿੱਲਰ ਲਗਾਉਣ ਦੌਰਾਨ ਪਿੰਡ ਦੇ ਕੁਝ ਵਿਅਕਤੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਉਸ ਨੂੰ ਧਮਕਾਇਆ ਵੀ ਸੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ | ਉਸ ਦਾ ਕਹਿਣਾ ਹੈ ਕਿ ਇਸ ਸੰਬੰਧੀ ਉਨ੍ਹਾਂ ਨੇ ਐਸ. ਐਸ. ਪੀ. ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ | ਮੱਖਣ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਸਾਲ 2023 ਵਿਚ ਉਸ ਦੇ ਘਰ 'ਤੇ ਗੋਲੀਬਾਰੀ ਤੇ ਹਮਲੇ ਦੀ ਘਟਨਾ ਵੀ ਵਾਪਰ ਚੁੱਕੀ ਹੈ, ਜਿਸ ਸੰਬੰਧੀ ਐਫ. ਆਈ. ਆਰ. ਦਰਜ ਹੋਈ ਸੀ ਪਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਨਾ ਹੋਣ ਕਾਰਨ ਉਨ੍ਹਾਂ ਦੇ ਹੌਸਲੇ ਹੋਰ ਵਧ ਗਏ ਹਨ | ਪੁਲਿਸ ਵਲੋਂ ਕੀਤੀ ਗਈ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੱਖਣ ਸਿੰਘ ਨੂੰ ਉਕਤ ਨੰਬਰ ਤੋਂ ਧਮਕੀ ਭਰੀ ਕਾਲ ਆਈ ਸੀ | ਪੁਲਿਸ ਅਨੁਸਾਰ ਹਾਲਾਂਕਿ ਸ਼ਿਕਾਇਤ ਵਿਚ ਜਿਨ੍ਹਾਂ ਵਿਅਕਤੀਆਂ ਦੇ ਨਾਂਅ ਜ਼ਮੀਨੀ ਵਿਵਾਦ ਨਾਲ ਜੋੜੇ ਗਏ ਹਨ, ਉਨ੍ਹਾਂ ਦੀ ਸ਼ਮੂਲੀਅਤ ਸੰਬੰਧੀ ਅਜੇ ਤੱਕ ਕੋਈ ਠੋਸ ਤੱਥ ਸਾਹਮਣੇ ਨਹੀਂ ਆਏ | ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਨ੍ਹਾਂ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇਗੀ ਤੇ ਜੇਕਰ ਕੋਈ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਫ਼ਿਲਹਾਲ ਪੁਲਿਸ ਨੇ ਧਮਕੀ ਦੇਣ ਵਾਲੇ ਕਥਿਤ ਗੈਂਗਸਟਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਨਗਰ ਨਿਗਮ ਪੰਚਕੂਲਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/> ਅਗਲੀ ਖ਼ਬਰ ਚੰਡੀਗੜ੍ਹ ਨੂੰ ਹੋਰ ਹਰਿਆ-ਭਰਿਆ ਬਣਾਉਣ ਦੀ ਕਵਾਇਦ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।