ਐੱਸ. ਏ. ਐੱਸ. ਨਗਰ, 4 ਜੂਨ (ਪ੍ਰੋ. ਅਵਤਾਰ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸ਼ਾਈਨ ਵੀਜ਼ਾ ਕੰਸਲਟੈਂਸੀ ਫਰਮ (ਸੀ. ਪੀ.-67 ਇੰਪੀਰੀਅਲ ਟਾਵਰ ਸੈਕਟਰ-67 ਮੁਹਾਲੀ) ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ | ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਹ ਲਾਇਸੰਸ ਫਰਮ ਦੇ ਮਾਲਕ ਕਰਨਦੀਪ ਸਿੰਘ ਤੇ ਉਸ ਦੇ ਭਾਈਵਾਲ ਬਿਕਰਮਦੀਪ ਸਿੰਘ ਨੂੰ ਮੁਹਾਲੀ ਵਿਖੇ ਵੀਜ਼ਾ ਕੰਸਲਟੈਂਸੀ ਦਾ ਕੰਮ ਕਰਨ ਲਈ 6 ਅਗਸਤ 2024 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 5 ਅਗਸਤ 2029 ਤੱਕ ਸੀ | ਉਨ੍ਹਾਂ ਦੱਸਿਆ ਕਿ ਫਰਮ ਦੇ ਖ਼ਿਲਾਫ਼ ਪੁਲਿਸ ਰਿਕਾਰਡ 'ਚ ਵੱਖ-ਵੱਖ ਮੁਕੱਦਮੇ ਦਰਜ ਹਨ | ਇਸ ਸੰਬੰਧੀ ਫਰਮ ਨੂੰ ਕਈ ਵਾਰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਤੇ ਮਹੀਨਾਵਾਰ ਰਿਪੋਰਟਾਂ ਦੇਣ ਲਈ ਕਿਹਾ ਗਿਆ ਸੀ ਪਰ ਫਰਮ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਫਰਮ ਦੇ ਖ਼ਿਲਾਫ਼ ਇਕ ਹੋਰ ਸ਼ਿਕਾਇਤ ਵੀ ਪ੍ਰਾਪਤ ਹੋਈ ਹੈ ਜਿਸ ਦੀ ਜਾਂਚ ਲਈ ਮਾਮਲਾ ਐੱਸ.ਡੀ.ਐੱਮ. ਮੁਹਾਲੀ ਤੇ ਐਸ.ਐਸ.ਪੀ. ਮੁਹਾਲੀ ਨੂੰ ਭੇਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਲਾਇਸੰਸ ਧਾਰਕ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹੋ ਜਾਣ ਤਾਂ ਸਮਰੱਥ ਅਥਾਰਟੀ ਨੂੰ ਲਾਇਸੰਸ ਰੱਦ ਕਰਨ ਦਾ ਅਧਿਕਾਰ ਹੈ | ਇਸ ਅਧੀਨ ਕਾਰਵਾਈ ਕਰਦਿਆਂ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਭਵਿੱਖ 'ਚ ਜੇਕਰ ਫਰਮ/ਲਾਇਸੰਸੀ/ਭਾਈਵਾਲ ਦੇ ਖ਼ਿਲਾਫ਼ ਕੋਈ ਹੋਰ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਹਰ ਪੱਖੋਂ ਭਰਪਾਈ ਲਈ ਫਰਮ/ਭਾਈਵਾਲ ਹੀ ਜ਼ਿੰਮੇਵਾਰ ਹੋਣਗੇ |