ਨਿੱਜੀ ਵਾਹਨਾਂ ਦੀ ਵਰਤੋਂ ਘਟਾਉਣ ਲਈ ਹਰ ਪਿੰਡ ਅਤੇ ਸ਼ਹਿਰ ਨੂੰ ਬੱਸ ਸੇਵਾ ਨਾਲ ਜੋੜਿਆ ਜਾਵੇ-ਮੁੱਖ ਮੰਤਰੀ <br/>
ਅਜੀਤ ਡੈਸਕ
05-06-2026
ਸ਼ਹਿਰਾਂ ਦੇ ਅੰਦਰ ਚਲਾਈਆਂ ਜਾਣ ਲੋਕਲ ਬੱਸਾਂ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸ਼ਹਿਰਾਂ ਦੇ ਅੰਦਰੂਨੀ ਹਿੱਸਿਆਂ ਵਿਚ ਲੋਕਲ ਬੱਸਾਂ ਚੱਲਦੀਆਂ ਸਨ ਜੋ ਸ਼ਹਿਰ ਦੇ ਇੱਕ ਹਿੱਸੇ ਨੂੰ ਦੂਜੇ ਨਾਲ ਜੋੜਦੀਆਂ ਸਨ ਪਰ ਹੁਣ ਅਜਿਹੀਆਂ ਬੱਸਾਂ ਦੀ ਗਿਣਤੀ ਬਹੁਤ ਘੱਟ ਗਈ ਹੈ ਜਦੋਂ ਕਿ ਸ਼ਹਿਰੀ ਖੇਤਰਾਂ ਦਾ ਕਾਫ਼ੀ ਵਿਸਥਾਰ ਹੋ ਗਿਆ ਹੈ | ਇਸ ਨਾਲ ਸ਼ਹਿਰਾਂ ਦੇ ਬਾਹਰਲੇ ਹਿੱਸਿਆਂ ਵਿਚ ਸਥਾਪਿਤ ਉਦਯੋਗਿਕ ਖੇਤਰਾਂ ਦੇ ਕਾਮਿਆਂ ਨੂੰ ਆਪਣੇ ਵਾਹਨਾਂ ਦੀ ਵਰਤੋਂ ਕਰਨੀ ਪੈਂਦੀ ਹੈ | ਉਨਾਂ ਕਿਹਾ ਕਿ ਸਾਰੇ ਸ਼ਹਿਰਾਂ ਵਿਚ ਪ੍ਰਮੁੱਖ ਹਸਪਤਾਲਾਂ, ਵਿੱਦਿਅਕ ਸੰਸਥਾਵਾਂ ਅਤੇ ਧਾਰਮਿਕ ਸਥਾਨਾਂ ਤੱਕ ਸਿਟੀ ਬੱਸਾਂ ਦੀ ਪਹੁੰਚ ਯਕੀਨੀ ਬਣਾਈ ਜਾਵੇ | ਗੁਰੂਗ੍ਰਾਮ, ਫ਼ਰੀਦਾਬਾਦ ਅਤੇ ਸੋਨੀਪਤ ਵਰਗੇ ਉਦਯੋਗਿਕ ਖੇਤਰਾਂ ਵਿਚ ਕਾਮਿਆਂ ਲਈ ਵਿਸ਼ੇਸ਼ ਬੱਸਾਂ ਚਲਾਈਆਂ ਜਾਣ ਅਤੇ ਮੈਟਰੋ ਸਟੇਸ਼ਨਾਂ ਤੇ ਬੱਸ ਸਟੈਂਡਾਂ ਤੱਕ ਮਿੰਨੀ ਬੱਸਾਂ ਚਲਾਈਆਂ ਜਾਣ | ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਸਾਰੀਆਂ ਬੱਸਾਂ ਨੂੰ ਰੇਲਵੇ ਦੀ ਤਰਜ਼ 'ਤੇ ਟਰੈਕਿੰਗ ਸਿਸਟਮ ਨਾਲ ਜੋੜਿਆ ਜਾਵੇ ਤਾਂ ਜੋ ਯਾਤਰੀ ਐਪ ਰਾਹੀਂ ਦੇਖ ਸਕਣ ਕਿ ਕਿਹੜੀ ਬੱਸ ਇਸ ਸਮੇਂ ਕਿੱਥੇ ਹੈ ਅਤੇ ਕਿਸ ਸਟਾਪ 'ਤੇ ਕਿਸ ਸਮੇਂ ਪਹੁੰਚੇਗੀ | ਹਰੇਕ ਬੱਸ ਦੀ ਡਿਪੂ ਤੋਂ ਚੱਲਣ ਤੋਂ ਬਾਅਦ ਰੀਅਲ ਟਾਈਮ ਲੋਕੇਸ਼ਨ ਦਿਖਾਈ ਦੇਣੀ ਚਾਹੀਦੀ ਹੈ | ਇਸੇ ਤਰਾਂ ਬੱਸਾਂ ਵਿਚ ਸੀ.ਸੀ.ਟੀ.ਵੀ ਵੀ ਲਗਵਾਏ ਜਾਣ ਜੋ ਕੰਟਰੋਲ ਰੂਮ ਨਾਲ ਜੁੜੇ ਹੋਣ | ਬੱਸਾਂ ਵਿਚ ਪੈਨਿਕ ਬਟਨ ਵੀ ਲਗਵਾਏ ਜਾਣ ਤਾਂ ਜੋ ਐਮਰਜੈਂਸੀ ਸਥਿਤੀ ਵਿਚ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਹੋ ਸਕੇ |
ਇਕ ਸਾਲ ਵਿਚ 10 ਨਵੇਂ ਇਲੈਕਟਿ੍ਕ ਬੱਸ ਸਟੈਂਡ ਬਣਨਗੇ
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵੱਲੋਂ ਭਵਿੱਖ ਵਿਚ ਵੱਧ ਤੋਂ ਵੱਧ ਇਲੈਕਟਿ੍ਕ ਬੱਸਾਂ ਹੀ ਖਰੀਦੀਆਂ ਜਾਣ | ਇਨਾਂ ਦੀ ਚਾਰਜਿੰਗ ਲਈ ਮਜ਼ਬੂਤ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ | ਉਨਾਂ ਕਿਹਾ ਕਿ ਅਗਲੇ ਇੱਕ ਸਾਲ ਦੇ ਅੰਦਰ ਸੂਬੇ ਵਿਚ 10 ਨਵੇਂ ਇਲੈਕਟਿ੍ਕ ਬੱਸ ਸਟੈਂਡ ਬਣਾਏ ਜਾਣਗੇ | ਬੱਸ ਸਟੈਂਡ 'ਤੇ ਸਵਾਰੀਆਂ ਲਈ ਜਿੱਥੇ ਇਲੈਕਟਿ੍ਕ ਬੱਸ ਖੜੀ ਹੋਵੇਗੀ ਉੱਥੇ ਹੀ ਉਨਾਂ ਦੇ ਚਾਰਜਿੰਗ ਪੁਆਇੰਟ ਲਗਵਾਏ ਜਾਣ | ਬੱਸ ਵਿਚ ਸਵਾਰੀਆਂ ਦੇ ਚੜਨ ਅਤੇ ਉਨਾਂ ਦੀ ਟਿਕਟ ਕੱਟਣ ਦੇ ਦੌਰਾਨ ਹੀ ਬੱਸਾਂ ਨੂੰ ਚਾਰਜ ਕਰਨ ਦੀ ਵਿਵਸਥਾ ਕੀਤੀ ਜਾਵੇ | ਹਰ ਜ਼ਿਲੇ ਅਤੇ ਹਰ ਸ਼ਹਿਰ ਵਿਚ ਵੱਧ ਤੋਂ ਵੱਧ ਇਲੈਕਟਿ੍ਕ ਬੱਸਾਂ ਚਲਾਈਆਂ ਜਾਣ | ਇਸੇ ਤਰਾਂ ਸੂਬੇ ਦੇ ਵੱਧ ਤੋਂ ਵੱਧ ਹਿੱਸਿਆਂ ਵਿਚ ਪੀ.ਪੀ.ਪੀ ਮੋਡ ਵਿਚ ਚਾਰਜਿੰਗ ਸਟੇਸ਼ਨ ਸਥਾਪਿਤ ਕਰਵਾਏ ਜਾਣ | ਸਾਰੇ ਬੱਸ ਸਟੈਂਡਾਂ 'ਤੇ ਰੂਫਟਾਪ ਸੋਲਰ ਸਿਸਟਮ ਵੀ ਸਥਾਪਿਤ ਕਰਵਾਏ ਜਾਣ ਤਾਂ ਜੋ ਊਰਜਾ ਉਤਪਾਦਨ ਵਿਚ ਵਾਧਾ ਕੀਤਾ ਜਾ ਸਕੇ | ਨਾਇਬ ਸਿੰਘ ਸੈਣੀ ਨੇ ਸੂਬੇ ਵਿਚ ਹੈਪੀ ਕਾਰਡ ਯੋਜਨਾ ਦੀ ਸਮੀਖਿਆ ਕਰਦਿਆਂ ਕਿਹਾ ਕਿ ਹੁਣ ਤੱਕ ਲਗਭਗ 20 ਲੱਖ ਵਿਅਕਤੀਆਂ ਨੂੰ ਹੈਪੀ ਕਾਰਡ ਦਿੱਤੇ ਜਾ ਚੁੱਕੇ ਹਨ ਅਤੇ 20 ਲੱਖ ਨਵੇਂ ਕਾਰਡ ਜਲਦ ਵੰਡੇ ਜਾਣਗੇ | ਨਵੇਂ ਕਾਰਡਾਂ ਦੀ ਵੰਡ ਦੇ ਸਬੰਧ ਵਿਚ ਉਨਾਂ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ | ਮੁੱਖ ਮੰਤਰੀ ਨੇ ਆਈਟੀ ਬੇਸਡ ਸਮਾਰਟ ਡ੍ਰਾਈਵਿੰਗ ਟ੍ਰੇਨਿੰਗ ਇੰਸਟੀਚਿਊਟ ਰਾਹੀਂ ਨਿੱਜੀ ਅਤੇ ਵਪਾਰਕ ਵਾਹਨਾਂ ਲਈ ਦਿੱਤੀ ਜਾਣ ਵਾਲੀ ਟ੍ਰੇਨਿੰਗ ਦੇ ਕੰਮ ਦੀ ਵੀ ਸਮੀਖਿਆ ਕੀਤੀ | ਉਨਾਂ ਕਿਹਾ ਕਿ ਗੱਡੀ ਪਾਸ ਕਰਨ ਦੀ ਮੈਨੂਅਲ ਪ੍ਰਕਿਰਿਆ ਨੂੰ ਬੰਦ ਕਰਕੇ ਇਸ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਨਵੇਂ ਪ੍ਰਬੰਧਾਂ ਅਨੁਸਾਰ ਆਟੋਮੈਟਿਕ ਬਣਾਇਆ ਜਾਵੇ | ਉਨਾਂ ਕਿਹਾ ਕਿ ਗੱਡੀ ਪਾਸ ਕਰਨ ਲਈ ਉਡੀਕ ਵਿਚ ਲੱਗਣ ਵਾਲੇ ਸਮੇਂ ਨੂੰ ਘਟ ਇਆ ਜਾਵੇ |
ਮੁੱਖ ਮੰਤਰੀ ਨੇ ਕਿਹਾ ਕਿ ਪੁਰਾਣੇ ਵਾਹਨਾਂ ਦੀ ਸਕ੍ਰੈਪਿੰਗ ਲਈ ਹਰਿਆਣਾ ਵਿਚ 26 ਸੈਂਟਰ ਕਾਰਜਸ਼ੀਲ ਹਨ ਜੋ ਦੇਸ਼ ਵਿਚ ਕਿਸੇ ਵੀ ਹੋਰ ਰਾਜ ਨਾਲੋਂ ਜ਼ਿਆਦਾ ਹਨ | ਇਨਾਂ ਰਾਹੀਂ ਵਾਹਨ ਸਕ੍ਰੈਪ ਕਰਵਾਉਣ 'ਤੇ ਕੇਂਦਰ ਸਰਕਾਰ 15 ਹਜ਼ਾਰ ਰੁਪਏ ਪ੍ਰਤੀ ਵਾਹਨ ਇੰਸੈਂਟਿਵ ਦੇ ਰਹੀ ਹੈ | ਕੇਂਦਰ ਸਰਕਾਰ ਹਰਿਆਣਾ ਨੂੰ ਦੇਸ਼ ਵਿਚ ਸਭ ਤੋਂ ਵੱਧ 160 ਕਰੋੜ ਰੁਪਏ ਦਾ ਇੰਸੈਂਟਿਵ ਦੇਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਊਰਜਾ ਦੀ ਬਚਤ ਲਈ ਪੁਰਾਣੇ ਵਾਹਨਾਂ ਦੀ ਸਕ੍ਰੈਪਿੰਗ ਨੂੰ ਪ੍ਰੋਤਸਾਹਿਤ ਕਰਨ ਲਈ ਸਰਹੱਦੀ ਜ਼ਿਲਿਆਂ ਵਿਚ ਵਹੀਕਲ ਸਕ੍ਰੈਪਿੰਗ ਸੈਂਟਰ ਬਣਾਏ ਜਾਣ ਤਾਂ ਜੋ ਦੂਜੇ ਰਾਜਾਂ ਦੇ ਵਾਹਨ ਚਾਲਕਾਂ ਨੂੰ ਵੀ ਇਸ ਦਾ ਲਾਭ ਮਿਲ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿਚ ਇਸੇ ਸਾਲ ਸੂਬਾ ਪੱਧਰੀ ਯੂਨੀਫਾਈਡ ਕਮਾਂਡ ਕੰਟਰੋਲ ਸੈਂਟਰ ਬਣਾਇਆ ਜਾਵੇ ਜਿੱਥੋਂ ਸਾਰੀਆਂ ਸਰਕਾਰੀ ਅਤੇ ਨਿੱਜੀ ਬੱਸਾਂ ਦੀ ਨਿਗਰਾਨੀ (ਮੋਨੀਟਰਿੰਗ) ਕੀਤੀ ਜਾ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਸਾਰੇ ਬੱਸ ਸਟੈਂਡਾਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਅਪਗ੍ਰੇਡ ਕੀਤਾ ਜਾਵੇ ਅਤੇ ਜਿੱਥੇ ਬੱਸ ਸਟੈਂਡ ਨਹੀਂ ਹਨ ਜਾਂ ਨਵੇਂ ਬਣਾਉਣ ਦੀ ਲੋੜ ਹੈ, ਉੱਥੇ ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਸਟੈਂਡ ਬਣਾਏ ਜਾਣ ਜਿਨਾਂ ਵਿਚ ਐਸ.ਟੀ.ਪੀ ਅਤੇ ਈ.ਟੀ.ਪੀ ਆਦਿ ਦਾ ਵੀ ਪ੍ਰਬੰਧ ਹੋਵੇ | ਮੀਟਿੰਗ ਵਿਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ, ਡਿਪਾਰਟਮੈਂਟ ਆਫ ਫਿਊਚਰ ਦੀ ਪ੍ਰਧਾਨ ਸਕੱਤਰ ਸ਼੍ਰੀਮਤੀ ਅਮਨੀਤ ਪੀ ਕੁਮਾਰ, ਮੁੱਖ ਮੰਤਰੀ ਦੇ ਓ.ਐਸ.ਡੀ ਅਤੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨਹਿਰੂ ਅਤੇ ਟਰਾਂਸਪੋਰਟ ਕਮਿਸ਼ਨਰ ਅਤੁਲ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ |