ਪੰਚਕੂਲਾ, 4 ਜੂਨ (ਕਪਿਲ)- ਪੰਚਕੂਲਾ ਦੇ ਸੈਕਟਰ-1 ਸਥਿਤ ਆਰਾਮ ਘਰ 'ਚ ਸਿਹਤ ਵਿਭਾਗ ਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਕਰਵਾਏ ਗਏ ਸੂਬਾ ਪੱਧਰੀ ਸਮਾਗਮ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਮਾਗਮ ਦੀ ਪ੍ਰਧਾਨਗੀ ਹਰਿਆਣਾ ਦੀ ਸਿਹਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਆਯੂਸ਼ ਮੰਤਰੀ ਆਰਤੀ ਸਿੰਘ ਰਾਓ ਨੇ ਕੀਤੀ | ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 'ਸਿਹਤਮੰਦ ਹਰਿਆਣਾ, ਸਮਰੱਥ ਹਰਿਆਣਾ ਅਭਿਆਨ' ਤਹਿਤ ਸੂਬਾ ਵਾਸੀਆਂ ਨੂੰ 9 ਮਹੱਤਵਪੂਰਨ ਸਿਹਤ ਪ੍ਰਾਜੈਕਟਾਂ ਦੀ ਸੌਗਾਤ ਦਿੱਤੀ | ਇਸ ਮੌਕੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ 22.29 ਕਰੋੜ ਰੁ. ਦੀ ਲਾਗਤ ਨਾਲ 30 ਸਿਹਤ ਸੰਸਥਾਵਾਂ ਦਾ ਉਦਘਾਟਨ ਕੀਤਾ ਗਿਆ, ਜਦਕਿ 21.50 ਕਰੋੜ ਰੁ. ਦੀ ਲਾਗਤ ਵਾਲੀਆਂ 16 ਨਵੀਆਂ ਸਿਹਤ ਸੰਸਥਾਵਾਂ ਦਾ ਨੀਂਹ-ਪੱਥਰ ਰੱਖਿਆ ਗਿਆ | ਇਸ ਤੋਂ ਇਲਾਵਾ ਮਹਿਲਾਵਾਂ ਦੇ ਵਿਸ਼ੇਸ਼ ਅਤੇ ਸਮਰਪਿਤ ਇਲਾਜ ਲਈ ਰਾਜ ਦੇ 23 ਜ਼ਿਲ੍ਹਾ ਹਸਪਤਾਲਾਂ 'ਚ ਹਰ ਸਾਲ 0.34 ਕਰੋੜ ਰੁ. ਦੀ ਲਾਗਤ ਨਾਲ 'ਸਿਹਤਮੰਦ ਨਾਰੀ, ਸਸ਼ਕਤ ਪਰਿਵਾਰ' ਕਲੀਨਿਕ ਦੀ ਸ਼ੁਰੂਆਤ ਵੀ ਕੀਤੀ ਗਈ | ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 'ਸਿਹਤਮੰਦ ਹਰਿਆਣਾ ਤੇ ਸਮਰੱਥ ਹਰਿਆਣਾ' ਦੇ ਸੰਕਲਪ ਨੂੰ ਅੱਜ ਨਵੀਂ ਮਜ਼ਬੂਤੀ ਮਿਲੀ ਹੈ | ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਨਿਰੰਤਰ ਵਿਸਥਾਰ ਤਹਿਤ ਲਗਭਗ 100 ਕਰੋੜ ਰੁ. ਦੇ ਵਿਕਾਸ ਕਾਰਜਾਂ ਦਾ ਉਦਘਾਟਨ ਹਰਿਆਣਾ ਵਾਸੀਆਂ ਦੇ ਬਿਹਤਰ ਸਿਹਤ ਤੇ ਸਨਮਾਨਜਨਕ ਜੀਵਨ ਵੱਲ ਇਕ ਵੱਡਾ ਕਦਮ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪਾਣੀਪਤ, ਕੁਰੂਕਸ਼ੇਤਰ ਅਤੇ ਜੀਂਦ ਦੇ ਜ਼ਿਲ੍ਹਾ ਹਸਪਤਾਲਾਂ 'ਚ ਐਮ. ਆਰ. ਆਈ. ਸੇਵਾਵਾਂ ਅਤੇ ਚਰਖੀ ਦਾਦਰੀ ਜ਼ਿਲ੍ਹਾ ਹਸਪਤਾਲ ਅਤੇ ਬਹਾਦਰਗੜ੍ਹ ਉਪ ਮੰਡਲ ਹਸਪਤਾਲ 'ਚ ਸਿਟੀ ਸਕੈਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਤੋਂ ਇਲਾਵਾ 13 ਹੋਰਨਾਂ ਜ਼ਿਲਿ੍ਹਆਂ 'ਚ ਵੀ ਐਮ. ਆਰ. ਆਈ. ਸਹੂਲਤ ਉਪਲੱਬਧ ਕਰਵਾਉਣ ਲਈ ਟੈਂਡਰ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ | ਇਸੇ ਦੌਰਾਨ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਸਿਹਤ ਵਿਭਾਗ ਲਈ 14,007 ਕਰੋੜ ਰੁ. ਦਾ ਬਜਟ ਅਲਾਟ ਕੀਤਾ ਗਿਆ ਹੈ, ਜੋ ਕਿ ਸਾਲ 2014-15 ਦੇ ਮੁਕਾਬਲੇ ਪੰਜ ਗੁਣਾਂ ਵੱਧ ਹੈ |