ਮਾਜਰੀ, 4 ਜੂਨ (ਕੁਲਵੰਤ ਸਿੰਘ ਧੀਮਾਨ)- ਵਿਭਾਗੀ ਅਣਗਹਿਲੀਆਂ ਕਾਰਨ ਸਿੱਖਿਆ ਬਲਾਕ ਖਰੜ-2 ਦੇ ਦੋ ਦਰਜਨ ਤੋਂ ਵੱਧ ਅਧਿਆਪਕ ਅਨੇਕਾਂ ਤਰ੍ਹਾਂ ਦੇ ਬਕਾਇਆਂ ਲਈ ਤਰਸ ਰਹੇ ਹਨ | ਇਹ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਾਬਕਾ ਸੂਬਾਈ ਪ੍ਰੈੱਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਦੱਸਿਆ ਕਿ ਵਿੱਦਿਅਕ ਬਲਾਕ ਖਰੜ-2 ਵਿਖੇ ਸੰਬੰਧਿਤ ਅਧਿਕਾਰੀਆਂ ਦੀ ਅਣਗਹਿਲੀ ਦੇ ਚਲਦਿਆਂ ਅਨੇਕਾਂ ਅਧਿਆਪਕਾਂ ਦੀ ਦੇਰੀ ਨਾਲ ਲੱਗੀ ਸਾਲਾਨਾ ਤਰੱਕੀ ਦੇ ਬਕਾਏ, ਤਨਖਾਹ ਫਿਕਸੇਸ਼ਨ ਦੇ ਬਕਾਏ ਜਾਂ ਕੁਝ ਵਿਸ਼ੇਸ਼ ਹਾਲਾਤ 'ਚ ਐਲ. ਟੀ. ਸੀ. ਦੇ ਬਕਾਏ ਦੇ ਬਿੱਲ ਬਕਾਇਆ ਹਨ | ਇਨ੍ਹਾਂ 'ਚੋਂ ਕੁਝ ਬਿੱਲ ਦੇਰ ਹੋਣ ਕਾਰਨ ਸੰਬੰਧਿਤ ਅਧਿਕਾਰੀਆਂ ਦੀ ਵਿਸ਼ੇਸ਼ ਟਿੱਪਣੀ ਦੀ ਅਣਹੋਂਦ ਕਾਰਨ ਪੈਂਡਿੰਗ ਹਨ | ਮਾਵੀ ਨੇ ਹੈਰਾਨੀ ਪ੍ਰਗਟ ਕੀਤੀ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ਆਏ ਦਿਨ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਲੜ ਲਗਾਉਣ ਵਾਲੇ ਅਧਿਆਪਕ ਵਿਭਾਗੀ ਅਣਗਹਿਲੀਆਂ ਕਾਰਨ ਆਪਣੀਆਂ ਹੱਕੀ ਅਦਾਇਗੀਆਂ ਤੋਂ ਵੀ ਵਾਂਝੇ ਹਨ | ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਸੈਂਟਰ ਹੈੱਡ ਟੀਚਰ ਸਰਕਾਰੀ ਪ੍ਰਇਮਰੀ ਸਕੂਲ ਸਕਰੂਲਾਂਪੁਰ ਦੀ ਹੀ ਪੇ-ਫਿਕਸੇਸ਼ਨ ਦੀ ਡੇਢ ਲੱਖ ਦੀ ਰਾਸ਼ੀ ਸੰਬੰਧਿਤ ਦਫ਼ਤਰ ਵੱਲ ਬਕਾਇਆ ਹੈ | ਇਸੇ ਤਰ੍ਹਾਂ ਗੁਰਪ੍ਰੀਤ ਕੌਰ ਈ.ਟੀ.ਟੀ. ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਮਾਮੂਪੁਰ ਬਲਾਕ ਖਰੜ-2 ਦਾ 3 ਸਾਲ ਪੁਰਾਣਾ ਐਲ.ਟੀ.ਸੀ. ਸੰਬੰਧੀ ਏਰੀਅਰ ਹਾਲੇ ਤੱਕ ਪੈਂਡਿੰਗ ਹੈ | ਮਾਵੀ ਨੇ ਕਿਹਾ ਕਿ ਜੇਕਰ ਤੁਰੰਤ ਪੀੜਤ ਅਧਿਆਪਕਾਂ ਦੇ ਬਕਾਏ ਜਾਰੀ ਨਾ ਕੀਤੇ ਗਏ ਤਾਂ ਉਹ ਇਨ੍ਹਾਂ ਅਧਿਆਪਕਾਂ ਦੀ ਸਮੁੱਚੀ ਬਕਾਇਆ ਅਦਾਇਗੀਆਂ ਦੀ ਵਿਸਥਾਰਪੂਰਵਕ ਲਿਖਤੀ ਜਾਣਕਾਰੀ ਸਿੱਖਿਆ ਮੰਤਰੀ ਪੰਜਾਬ ਤੇ ਸਿੱਖਿਆ ਸਕੱਤਰ ਪੰਜਾਬ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨੂੰ ਸੌਂਪਦੇ ਹੋਏ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ | ਉਨ੍ਹਾਂ ਸਿੱਖਿਆ ਮੰਤਰੀ ਪੰਜਾਬ ਤੋਂ ਵੀ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਡੀ. ਡੀ. ਓਜ਼ ਤੋਂ ਉਨ੍ਹਾਂ ਅਧੀਨ ਕੰਮ ਕਰਦੇ ਅਧਿਆਪਕਾਂ ਦੀ ਕੋਈ ਵੀ ਅਦਾਇਗੀ ਪੈਂਡਿੰਗ ਨਾ ਹੋਣ ਸੰਬੰਧੀ ਐਨ.ਓ.ਸੀ. ਲਈ ਜਾਵੇ ਤਾਂ ਜੋ ਪੰਜਾਬ ਦੇ ਨੌਕਰੀ ਕਰ ਰਹੇ ਅਤੇ ਸੇਵਾ-ਮੁਕਤ ਹੋ ਚੁੱਕੇ ਲੱਖਾਂ ਅਧਿਆਪਕਾਂ ਦੀ ਬੇਲੋੜੀ ਵਿਭਾਗੀ ਖੱਜਲ੍ਹ-ਖੁਆਰੀ ਬੰਦ ਹੋ ਸਕੇ | 04 ਐਮਓਐਚ 12