ਚੰਡੀਗੜ੍ਹ, 4 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਰੁਜ਼ਗਾਰ ਦੇਣ ਵਾਲੇ ਬਣਨ ਦਾ ਸੰਕਲਪ ਲੈਣ | ਉਨ੍ਹਾਂ ਕਿਹਾ ਕਿ ਨੌਜਵਾਨ ਉੱਦਮਤਾ (ਐਂਟਰਪ੍ਰੀਨਿਓਰਸ਼ਿਪ), ਇਨੋਵੇਸ਼ਨ ਤੇ ਆਤਮ-ਨਿਰਭਰਤਾ ਨੂੰ ਅਪਣਾ ਕੇ ਆਪਣੇ ਵਿਚਾਰਾਂ ਨੂੰ ਸਫਲ ਉਦਮਾਂ ਵਿਚ ਬਦਲਣ ਤੇ ਦੂਜਿਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਕੇ ਰਾਸ਼ਟਰ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ | ਰਾਜਪਾਲ ਅੱਜ ਇੱਥੇ ਲੋਕ ਭਵਨ ਵਿਖੇ 'ਇਕ ਭਾਰਤ ਸ੍ਰੇਸ਼ਠ ਭਾਰਤ' ਪਹਿਲਕਦਮੀ ਤਹਿਤ 'ਯੁਵਾ ਸੰਗਮ ਪ੍ਰੋਗਰਾਮ' ਦੇ ਅਧੀਨ ਹਰਿਆਣਾ ਦੌਰੇ 'ਤੇ ਆਏ ਤਿ੍ਪੁਰਾ ਦੇ ਵਿਦਿਆਰਥੀ ਵਫ਼ਦ ਨੂੰ ਸੰਬੋਧਨ ਕਰ ਰਹੇ ਸਨ | ਇਸ ਮੌਕੇ ਹਰਿਆਣਾ ਦੀ ਪਹਿਲੀ ਮਹਿਲਾ ਮਿਤਰਾ ਘੋਸ਼ ਵੀ ਮੌਜੂਦ ਸਨ | ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕਰਦਿਆਂ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਭਾਰਤ ਸਾਲ 2047 ਤੱਕ 'ਵਿਕਸਿਤ ਭਾਰਤ' ਦੇ ਟੀਚੇ ਵੱਲ ਆਤਮ-ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ | ਇਸ ਰਾਸ਼ਟਰੀ ਸੰਕਲਪ ਨੂੰ ਸਾਕਾਰ ਕਰਨ ਵਿਚ ਸਿਰਫ਼ ਸਰਕਾਰਾਂ ਤੇ ਸੰਸਥਾਵਾਂ ਦੀ ਹੀ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਦੀ ਊਰਜਾ, ਪ੍ਰਤਿਭਾ ਤੇ ਵਚਨਬੱਧਤਾ ਦੀ ਵੀ ਅਹਿਮ ਭੂਮਿਕਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਦੀ ਪੂਰੀ ਵਰਤੋਂ ਕਰਦੇ ਹੋਏ ਵਿਸ਼ਵ ਪੱਧਰ 'ਤੇ ਮੁਕਾਬਲੇਬਾਜ਼ ਸਟਾਰਟਅੱਪ ਤੇ ਨਵੀਨਤਾ ਅਧਾਰਿਤ ਉੱਦਮ ਸਥਾਪਿਤ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿਚ ਅਥਾਹ ਪ੍ਰਤਿਭਾ ਤੇ ਅਟੁੱਟ ਸੰਕਲਪ ਹੈ | ਜੇਕਰ ਉਹ ਆਪਣੀ ਊਰਜਾ ਨੂੰ ਉੱਦਮਤਾ ਤੇ ਨਵੀਨਤਾ ਦੀ ਦਿਸ਼ਾ ਵਿਚ ਲਗਾਉਣ ਤਾਂ ਉਹ ਦੇਸ਼ ਦੀ ਪ੍ਰਗਤੀ ਤੇ ਆਰਥਿਕ ਵਿਕਾਸ ਦੇ ਮੁੱਖ ਵਾਹਕ ਬਣ ਸਕਦੇ ਹਨ | ਰਾਜਪਾਲ ਨੇ ਵਿਦਿਆਰਥੀ ਵਫ਼ਦ ਨਾਲ ਗੱਲਬਾਤ ਵੀ ਕੀਤੀ ਤੇ ਤਿ੍ਪੁਰਾ ਯਾਤਰਾ ਦੇ ਆਪਣੇ ਤਜਰਬੇ ਸਾਂਝੇ ਕੀਤੇ | ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਤਿ੍ਪੁਰਾ ਦੇ ਨੌਜਵਾਨ ਰਾਜ ਦੇ ਕੁਦਰਤੀ ਤੇ ਮਾਨਵੀ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਕੇ ਇਸ ਦੇ ਵਿਕਾਸ ਨੂੰ ਨਵੀਂ ਗਤੀ ਦੇਣਗੇ ਤੇ ਦੇਸ਼ ਦੀ ਪ੍ਰਗਤੀ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਣਗੇ | ਇਸ ਮੌਕੇ ਰਾਜਪਾਲ ਦੇ ਸਕੱਤਰ ਵਿਜੇ ਕੁਮਾਰ ਭਾਵੀਕੱਟੀ, ਏ.ਡੀ.ਸੀ. ਸਕੁਐਡਰਨ ਲੀਡਰ ਪੀ. ਭਰਤ, ਐਨ.ਆਈ.ਟੀ. ਕੁਰੂਕਸ਼ੇਤਰ ਦੇ ਡਾਇਰੈਕਟਰ ਪ੍ਰੋ. ਬ੍ਰਹਮਜੀਤ ਸਿੰਘ, ਫੈਕਲਟੀ ਮੈਂਬਰ, ਵਿਦਿਆਰਥੀ ਕੋਆਰਡੀਨੇਟਰ ਆਦਿ ਮੌਜੂਦ ਸਨ |