ਚੰਡੀਗੜ, 6 ਜੂਨ (ਅਜਾਇਬ ਸਿੰਘ ਔਜਲਾ)- ਪੰਜਾਬ ਆਰਟਸ ਕੌਂਸਲ ਵਲੋਂ ਪੰਜਾਬ ਕਲਾ ਭਵਨ ਚੰਡੀਗੜ ਵਿਚ ਕਰਵਾਏ ਗਏ ਵਿਸ਼ੇਸ਼ ਸਾਹਿਤਕ ਅਤੇ ਸੰਗੀਤਮਈ ਸਮਾਗਮ 'ਸੁਖ਼ਨ ਲਾਈਵ' ਨੇ ਪੰਜਾਬੀ ਸ਼ਾਇਰੀ ਅਤੇ ਸੰਗੀਤ ਪ੍ਰੇਮੀਆਂ ਨੂੰ ਇਕ ਅਨੋਖਾ ਅਤੇ ਯਾਦਗਾਰੀ ਅਨੁਭਵ ਦਾ ਸਹਿਜੇ ਹੀ ਅਹਿਸਾਸ ਕਰਵਾਇਆ | ਪ੍ਰਸਿੱਧ ਗਾਇਕ ਸੁਨੀਲ ਸਿੰਘ ਡੋਗਰਾ ਨੇ ਆਪਣੇ ਸੁਰੀਲੇ ਤੇ ਭਾਵਪੂਰਨ ਅੰਦਾਜ਼ ਨਾਲ ਕਵੀ ਸ਼ਮੀ ਜਲੰਧਰੀ ਅਤੇ ਜਸਵੰਤ ਵਾਗਲਾ ਦੀ ਸ਼ਾਇਰੀ ਨੂੰ ਸੰਗੀਤ ਦੇ ਰੰਗਾਂ ਵਿਚ ਪਰੋ ਕੇ ਪੇਸ਼ ਕੀਤਾ | ਉਨਾਂ ਵਲੋਂ ਸ਼ਮੀ ਜਲੰਧਰੀ ਦੇ ਗੀਤ 'ਨੰਗੇ ਪੈਰੀਂ', 'ਬਾਅਦ ਦੀ ਗੱਲ', 'ਅੰਬਾਂ 'ਤੇ ਬੂਰ' ਅਤੇ 'ਬੰਦਾ' ਦੀ ਪੇਸ਼ਕਾਰੀ ਨੂੰ ਸਰੋਤਿਆਂ ਵਲੋਂ ਖ਼ੂਬ ਸਰਾਹਿਆ ਗਿਆ | ਇਸੇ ਤਰਾਂ ਜਸਵੰਤ ਵਾਗਲਾ ਦੇ ਗੀਤ 'ਜ਼ਮਾਨਾ', 'ਛੱਲਾ', 'ਫਿਰ ਜੀਵਤ' ਤੇ 'ਮੁਸ਼ਕਿਲ' ਵੀ ਸੁਨੀਲ ਡੋਗਰਾ ਦੀ ਆਵਾਜ਼ ਵਿਚ ਨਵੇਂ ਰੰਗਾਂ ਨਾਲ ਰੂ-ਬਰੂ ਹੋਏ ਤੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਗਏ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਵਰਨਜੀਤ ਸਵੀ, ਚੇਅਰਮੈਨ ਪੰਜਾਬ ਆਰਟਸ ਕੌਂਸਲ ਚੰਡੀਗੜ ਸ਼ਾਮਲ ਹੋਏ | ਉਨਾਂ ਨੇ ਪੰਜਾਬੀ ਸਾਹਿਤ ਅਤੇ ਸੰਗੀਤ ਦੇ ਇਸ ਸੁੰਦਰ ਮਿਲਾਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਖਚਾਖਚ ਭਰੇ ਹਾਲ ਵਿਚ ਮੌਜੂਦ ਸਰੋਤਿਆਂ ਨੇ ਹਰ ਪੇਸ਼ਕਾਰੀ ਨੂੰ ਭਰਪੂਰ ਦਾਦ ਦਿੱਤੀ | ਕਵਿਤਾ, ਸੰਗੀਤ ਅਤੇ ਭਾਵਨਾਵਾਂ ਨਾਲ ਰੰਗੀ ਇਹ ਸ਼ਾਮ ਪੰਜਾਬੀ ਅਦਬ ਦੇ ਚਾਹੁਣ ਵਾਲਿਆਂ ਲਈ ਇੱਕ ਯਾਦਗਾਰ ਸਾਹਿਤਕ ਜਸ਼ਨ ਸਾਬਤ ਹੋਈ | ਇਸ ਮੌਕੇ ਸੁਨੀਲ ਸਿੰਘ ਡੋਗਰਾ ਨੇ ਕਿਹਾ ਕਿ 'ਸੁਖ਼ਨ ਲਾਈਵ' ਨੇ ਇਹ ਸਾਬਤ ਕਰ ਦਿੱਤਾ ਕਿ ਜਦੋਂ ਸ਼ਾਇਰੀ ਨੂੰ ਸੁਰੀਲੇ ਸੁਰ ਮਿਲ ਜਾਣ ਤਾਂ ਲਫ਼ਜ਼ ਸਿਰਫ਼ ਸੁਣੇ ਨਹੀਂ ਜਾਂਦੇ, ਸਗੋਂ ਰੂਹ ਤੱਕ ਮਹਿਸੂਸ ਕੀਤੇ ਜਾਂਦੇ ਹਨ |