ਚੰਡੀਗੜ, 6 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ (ਸੀ.ਡੀ.ਓ.ਈ) ਦੁਆਰਾ ਸਟੂਡੈਂਟ ਸੈਂਟਰ ਵਿਖੇ ਵਿਦਿਆਰਥੀਆਂ ਵਲੋਂ ਸਾਲਾਨਾ ਫ਼ੋਟੋਗਰਾਫੀ ਪ੍ਰਦਰਸ਼ਨੀ ਲਗਾਈ ਗਈ | ਇਹ ਪ੍ਰਦਰਸ਼ਨੀ ਪ੍ਰਸਿੱਧ ਫੋਟੋ ਪੱਤਰਕਾਰ ਰਘੂ ਰਾਏ ਨੂੰ ਸਮਰਪਿਤ ਰਹੀ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸਵਦੇਸ਼ ਤਲਵਾਰ ਸਲਾਹਕਾਰ ਐਕਸਪ੍ਰੈਸ ਆਰਕਾਈਵ ਨੇ ਰਿਬਨ ਕੱਟਣ ਦੀ ਰਸਮ ਨਾਲ ਫ਼ੋਟੋਗਰਾਫੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ | ਉਨਾਂ ਨੇ ਕਿਹਾ ਕਿ ਫ਼ੋਟੋਗਰਾਫੀ ਭਾਵਨਾਵਾਂ, ਯਾਦਾਂ ਅਤੇ ਹਕੀਕਤਾਂ ਨੂੰ ਸੁਰੱਖਿਅਤ ਰੱਖਦੀ ਹੈ ਜਿਨਾਂ ਨੂੰ ਅਕਸਰ ਸ਼ਬਦਾਂ ਵਿਚ ਬਿਆਨ ਕਰਨ ਵਿਚ ਅਸਫਲ ਰਹਿੰਦੇ ਹਨ | ਉਨਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਉੱਭਰਦੇ ਫ਼ੋਟੋਗਰਾਫ਼ਰਾਂ ਨੂੰ ਜਨਤਾ ਦੇ ਸਾਹਮਣੇ ਆਪਣੀ ਪ੍ਰਤਿਭਾ ਪੇਸ਼ ਕਰਨ ਤੇ ਕੀਮਤੀ ਪੇਸ਼ੇਵਰ ਐਕਸਪੋਜ਼ਰ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਪਲੇਟਫ਼ਾਰਮ ਪ੍ਰਦਾਨ ਕਰਦੀਆਂ ਹਨ | ਇਸ ਮੌਕੇ ਸੀ.ਡੀ.ਓ.ਈ. ਦੇ ਡਾਇਰੈਕਟਰ ਪ੍ਰੋ. ਹਰਸ਼ ਗੰਧਾਰ ਨੇ ਕਿਹਾ ਕਿ ਸੀ.ਡੀ.ਓ.ਈ. ਉਦਯੋਗ-ਅਧਾਰਿਤ ਪ੍ਰੋਗਰਾਮਾਂ ਰਾਹੀਂ ਸਿੱਖਿਆਰਥੀਆਂ ਨੂੰ ਮਿਆਰੀ ਪੇਸ਼ੇਵਰ ਸਿੱਖਿਆ ਤੇ ਵਿਹਾਰਕ ਸੰਪਰਕ ਪ੍ਰਦਾਨ ਕਰਨ ਲਈ ਵਚਨਬੱਧ ਹੈ | ਪ੍ਰੋ. ਹਰਸ਼ ਨੇ ਪ੍ਰੋ. ਯੋਗੇਸ਼ ਰਾਵਲ ਡੀ.ਐਸ.ਡਬਲਿਯੂ. ਦੁਆਰਾ ਸਥਾਨ ਪ੍ਰਦਾਨ ਕਰਨ ਤੇ ਸਾਲਾਨਾ ਫ਼ੋਟੋਗਰਾਫੀ ਪ੍ਰਦਰਸ਼ਨੀ ਦੀ ਸਹੂਲਤ ਦੇਣ ਲਈ ਦਿੱਤੇ ਗਏ ਸਮਰਥਨ ਦੀ ਸ਼ਲਾਘਾ ਕੀਤੀ | ਡਾ. ਜੀਸੂ ਜਸਕਨਵਰ ਸਿੰਘ ਅਸਿਸਟੈਂਟ ਪ੍ਰੋਫੈਸਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਤਿਆਰ ਕੀਤਾ ਗਿਆ | ਇਹ ਪ੍ਰਦਰਸ਼ਨੀ ਐਡਵਾਂਸਡ ਡਿਪਲੋਮਾ ਇਨ ਫ਼ੋਟੋਗਰਾਫੀ ਪ੍ਰੋਗਰਾਮ ਦੇ ਵਿਹਾਰਕ ਪਾਠਕ੍ਰਮ ਦੇ ਹਿੱਸੇ ਵਜੋਂ ਕਰਵਾਈ ਗਈ | ਇਸ ਪ੍ਰਦਰਸ਼ਨੀ ਵਿਚ ਐਡਵਾਂਸਡ ਡਿਪਲੋਮਾ ਇਨ ਫ਼ੋਟੋਗਰਾਫੀ (ਏ.ਡੀ.ਪੀ.) ਕਰ ਰਹੇ 12 ਵਿਦਿਆਰਥੀਆਂ ਦੇ ਕੁੱਲ 35 ਫੋਟੋਗ੍ਰਾਫਿਕ ਕੰਮ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ | ਇਹ ਪ੍ਰਦਰਸ਼ਨੀ 13 ਜੂਨ ਤੱਕ ਸੈਲਾਨੀਆਂ ਲਈ ਖੁੱਲੀ ਰਹੇਗੀ |