27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਬੇਦੀ ਵਲੋਂ ਪਿੰਡ ਢੇਲਪੁਰ ਦਾ ਦੌਰਾ <br/>

ਅਜੀਤ ਡੈਸਕ 10-06-2026
ਐੱਸ. ਏ. ਐੱਸ. ਨਗਰ, 9 ਜੂਨ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ ਵਲੋਂ ਮੁਹਾਲੀ ਹਲਕੇ ਦੇ ਪਿੰਡਾਂ ਦੇ ਦੌਰਿਆਂ ਦੀ ਸ਼ੁਰੂ ਕੀਤੀ ਲੜੀ ਤਹਿਤ ਅੱਜ ਪਿੰਡ ਢੇਲਪੁਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਪਿੰਡ ਦੇ ਨੌਜਵਾਨ ਕਿ੍ਕਟ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਕਿ੍ਕਟ ਨਾਲ ਸੰਬੰਧਿਤ ਖੇਡਾਂ ਦਾ ਸਾਮਾਨ ਭੇਟ ਕੀਤਾ | ਇਸ ਤੋਂ ਪਹਿਲਾਂ ਪਿੰਡ ਦੇ ਨੌਜਵਾਨਾਂ ਤੇ ਪਤਵੰਤਿਆਂ ਵਲੋਂ ਬੇਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਨੌਜਵਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਬੇਦੀ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ | ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਨੂੰ ਮਜ਼ਬੂਤ ਕਰਦੀਆਂ ਹਨ, ਸਗੋਂ ਨੌਜਵਾਨਾਂ 'ਚ ਅਨੁਸ਼ਾਸਨ, ਟੀਮ ਭਾਵਨਾ ਅਤੇ ਲੀਡਰਸ਼ਿਪ ਵਰਗੇ ਗੁਣ ਵੀ ਪੈਦਾ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਕਈ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ ਅਤੇ ਜੇਕਰ ਪਿੰਡ ਪੱਧਰ 'ਤੇ ਖੇਡਾਂ ਲਈ ਬਿਹਤਰ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ ਤਾਂ ਹੋਰ ਵੀ ਪ੍ਰਤਿਭਾਵਾਨ ਖਿਡਾਰੀ ਸਾਹਮਣੇ ਆ ਸਕਦੇ ਹਨ | ਉਨ੍ਹਾਂ ਪਿੰਡ ਢੇਲਪੁਰ ਦੇ ਨੌਜਵਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੱਧਰ 'ਤੇ ਮਿਹਨਤ ਕਰਕੇ ਖੇਡ ਮੈਦਾਨ ਤਿਆਰ ਕੀਤਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਯਤਨ ਨੌਜਵਾਨਾਂ ਦੀ ਖੇਡਾਂ ਪ੍ਰਤੀ ਗੰਭੀਰਤਾ ਅਤੇ ਜਜ਼ਬੇ ਨੂੰ ਦਰਸਾਉਂਦੇ ਹਨ | ਇਸ ਮਿਹਨਤ ਲਈ ਉਨ੍ਹਾਂ ਨੇ ਨੌਜਵਾਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ 'ਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਪਿੰਡਾਂ ਦੇ ਖੇਡ ਮੈਦਾਨਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੀ ਬਹੁਤ ਲੋੜ ਹੈ | ਖਿਡਾਰੀਆਂ ਨੂੰ ਚੰਗੇ ਮੈਦਾਨ, ਖੇਡਾਂ ਦਾ ਉੱਚ ਪੱਧਰੀ ਸਾਮਾਨ, ਲਾਈਟਾਂ ਅਤੇ ਹੋਰ ਬੁਨਿਆਦੀ ਢਾਂਚਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ | ਉਨ੍ਹਾਂ ਕਿਹਾ ਕਿ ਜੇਕਰ ਸੂਬੇ 'ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਪਿੰਡ ਢੇਲਪੁਰ ਦੇ ਖੇਡ ਮੈਦਾਨ ਨੂੰ ਤਰਜੀਹ ਦੇ ਆਧਾਰ 'ਤੇ ਵਿਕਸਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਸਾਰੇ ਪਿੰਡਾਂ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ | ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਨੌਜਵਾਨ ਖੇਡਾਂ ਨਾਲ ਜੁੜੇ ਰਹਿਣ ਤਾਂ ਸਮਾਜ 'ਚ ਨਸ਼ਿਆਂ ਅਤੇ ਹੋਰ ਬੁਰਾਈਆਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ | ਇਸੇ ਦੌਰਾਨ ਨੌਜਵਾਨ ਖਿਡਾਰੀਆਂ ਨੇ ਸਾਬਕਾ ਡਿਪਟੀ ਮੇਅਰ ਬੇਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਦਿੱਤਾ ਗਿਆ ਖੇਡਾਂ ਦਾ ਸਾਮਾਨ ਅਤੇ ਹੌਸਲਾ-ਅਫ਼ਜ਼ਾਈ ਉਨ੍ਹਾਂ ਲਈ ਵੱਡੀ ਪ੍ਰੇਰਨਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਸਮਾਜਿਕ ਆਗੂ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੇ ਤਾਂ ਪਿੰਡਾਂ 'ਚੋਂ ਵੀ ਕਈ ਪ੍ਰਤਿਭਾਵਾਨ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾਉਣ 'ਚ ਸਫ਼ਲ ਹੋਣਗੇ | ਅੰਤ 'ਚ ਬੇਦੀ ਨੇ ਭਰੋਸਾ ਦਿਵਾਇਆ ਕਿ ਉਹ ਭਵਿੱਖ 'ਚ ਵੀ ਨੌਜਵਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ ਅਤੇ ਖੇਡਾਂ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ |

ਪਿਛਲੀ ਖ਼ਬਰ ਕਾਲੋਨੀਆਂ ਦੇ ਨਕਸ਼ੇ ਪਾਸ ਕਰਨ ਮੌਕੇ ਲੱਖਾਂ ਰੁ. ਵਸੂਲਣ ਦੇ ਬਾਵਜੂਦ ਸਹੂਲਤਾਂ ਮੁਹੱਈਆ ਨਹੀਂ ਕਰਵਾ ਰਹੀ ਕੌਂਸਲ <br/>... ਅਗਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਨਿਰਵਿਘਨ ਬਿਜਲੀ ਸਪਲਾਈ ਲਈ ਪਾਵਰਕਾਮ ਅਧਿਕਾਰੀਆਂ ਨੂੰ ਸਖ਼ਤ ਹਦਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।