ਖਰੜ, 9 ਜੂਨ (ਗੁਰਮੁੱਖ ਸਿੰਘ ਮਾਨ)-ਗੁਲਮੋਹਰ ਸਿਟੀ ਸੰਤੇਮਾਜਰਾ (ਖਰੜ) ਦੇ ਵਸਨੀਕਾਂ ਵਲੋਂ ਮੁੱਢਲੀਆਂ ਸਹੂਲਤਾਂ ਨਾ ਮਿਲਣ ਦੇ ਰੋਸ ਵਜੋਂ ਸਥਾਨਕ ਪ੍ਰਸ਼ਾਸਨ ਤੇ ਨਗਰ ਕੌਂਸਲ ਖਰੜ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਹੋਂਦ 'ਚ ਆਈ ਇਸ ਕਾਲੋਨੀ ਵਿਚ ਲੋਕਾਂ ਨੇ ਆਪਣੇ ਜੀਵਨ ਭਰ ਦੀ ਪੂੰਜੀ ਲਗਾ ਕੇ ਮਕਾਨ ਬਣਾਏ ਸਨ ਤਾਂ ਜੋ ਉਹ ਸਕੂਨ ਦੀ ਜ਼ਿੰਦਗੀ ਬਤੀਤ ਕਰ ਸਕਣ, ਪਰ ਇਸ ਰਿਹਾਇਸ਼ੀ ਕਾਲੋਨੀ ਨੂੰ ਅਜੇ ਤੱਕ ਨਗਰ ਕੌਂਸਲ ਖਰੜ ਦੇ ਸੀਵਰੇਜ ਸਿਸਟਮ ਨਾਲ ਨਹੀਂ ਜੋੜਿਆ ਗਿਆ | ਕੌਂਸਲ ਦੀ ਇਸ ਲਾਪ੍ਰਵਾਹੀ ਕਾਰਨ ਕਾਲੋਨੀ ਦੇ ਬਾਹਰ ਬਹੁਤ ਵੱਡਾ ਛੱਪੜ ਬਣ ਚੁੱਕਾ ਹੈ, ਜਿਸ 'ਚੋਂ ਨਾ ਸਿਰਫ਼ ਬਦਬੂ ਆਉਂਦੀ ਹੈ, ਸਗੋਂ ਇਹ ਬੱਚਿਆਂ, ਬਜ਼ੁਰਗਾਂ ਅਤੇ ਆਮ ਵਾਸੀਆਂ ਲਈ ਜਾਨ ਦਾ ਖੋਅ ਬਣਿਆ ਹੋਇਆ ਹੈ | ਛੱਪੜ ਕਾਰਨ ਦਿਨ ਪ੍ਰਤੀ ਦਿਨ ਮੱਖੀਆਂ-ਮੱਛਰਾਂ ਦੀ ਤਾਦਾਦ ਵਧਦੀ ਜਾ ਰਹੀ ਹੈ, ਜਿਸ ਕਾਰਨ ਸਿਹਤ ਸੰਬੰਧੀ ਸਮੱਸਿਆਵਾਂ ਦਾ ਖਦਸ਼ਾ ਪੈਦਾ ਹੋ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਬਰਸਾਤਾਂ ਦੇ ਮੌਸਮ ਵਿਚ ਇਹ ਗੰਦਾ ਪਾਣੀ ਘਰਾਂ 'ਚ ਦਾਖ਼ਲ ਹੋ ਜਾਂਦਾ ਹੈ, ਜਿਸ ਨਾਲ ਸਥਾਨਕ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਖਰੜ ਨਕਸ਼ੇ ਪਾਸ ਕਰਨ ਵੇਲੇ ਲੱਖਾਂ ਰੁ. ਫ਼ੀਸ ਵਜੋਂ ਵਸੂਲਦੀ ਹੈ, ਪਰ ਸਹੂਲਤਾਂ ਦੇ ਨਾਂਅ 'ਤੇ ਨਾ ਤਾਂ ਸੀਵਰੇਜ ਸਿਸਟਮ ਹੈ, ਨਾ ਸਟਰੀਟ ਲਾਈਟਾਂ ਹਨ ਅਤੇ ਨਾ ਹੀ ਠੀਕ ਤਰ੍ਹਾਂ ਸੜਕਾਂ ਬਣਾਈਆਂ ਗਈਆਂ ਹਨ | ਕਾਲੋਨੀ ਵਾਸੀਆਂ ਨੇ 'ਆਪ' ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਣ ਦਾ ਦਾਅਵਾ ਤਾਂ ਕਰਦੀ ਹੈ, ਪਰ ਸ਼ਾਇਦ ਇਸ ਨੂੰ ਆਮ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਿਖਾਈ ਨਹੀਂ ਦਿੰਦੀਆਂ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਸਿਰਫ਼ ਵਿਕਾਸ ਦੇ ਦਾਅਵੇ ਕਰਦੀ ਹੈ, ਪਰ ਜ਼ਮੀਨੀ ਪੱਧਰ 'ਤੇ ਹਕੀਕਤ ਕੁਝ ਹੋਰ ਹੀ ਹੈ | ਉਨ੍ਹਾਂ ਕਿਹਾ ਕਿ ਖਰੜ ਨਗਰ ਕੌਂਸਲ ਸੂਬੇ ਦੀ ਅਮੀਰ ਨਗਰ ਕੌਂਸਲਾਂ 'ਚੋਂ ਇਕ ਹੈ, ਪਰ ਲੋਕਾਂ ਕੋਲ ਸੀਵਰੇਜ ਦੇ ਕੁਨੈਕਸ਼ਨ ਤੱਕ ਨਹੀਂ ਹਨ, ਜੋ ਕਿ ਕਿਸੇ ਪਛੜੇ ਪਿੰਡ ਦੀ ਯਾਦ ਦਿਵਾਉਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਕਾਲੋਨੀ ਨੂੰ ਕੌਂਸਲ ਦੇ ਸੀਵਰੇਜ ਨੈੱਟਵਰਕ ਨਾਲ ਜੋੜਿਆ ਜਾਵੇ, ਕਾਲੋਨੀ ਦੇ ਬਾਹਰ ਬਣੇ ਛੱਪੜ ਨੂੰ ਤੁਰੰਤ ਖਾਲੀ ਕਰਵਾ ਕੇ ਇਸ ਥਾਂ ਨੂੰ ਸਾਫ਼ ਕਰਵਾਇਆ ਜਾਵੇ, ਸਟਰੀਟ ਲਾਈਟਾਂ ਅਤੇ ਸੜਕਾਂ ਦੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਜਾਣ | ਇਸ ਤੋਂ ਇਲਾਵਾ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਉੱਚਿਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕਾਲੋਨੀ ਦੀਆਂ ਸਮੱਸਿਆਵਾਂ ਤੁਰੰਤ ਹੱਲ ਨਾ ਹੋਈਆਂ ਤਾਂ ਵਿਆਪਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਲੋੜ ਪੈਣ 'ਤੇ ਚੋਣਾਂ ਦਾ ਬਾਈਕਾਟ ਵੀ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਅਤੇ ਸਿਹਤ ਨਾਲ ਜੁੜਿਆ ਇਹ ਮੁੱਦਾ ਬਹੁਤ ਗੰਭੀਰ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |