ਐੱਸ. ਏ. ਐੱਸ. ਨਗਰ, 9 ਜੂਨ (ਪ੍ਰੋ. ਅਵਤਾਰ ਸਿੰਘ)-ਆਮ ਆਦਮੀ ਪਾਰਟੀ ਵਲੋਂ ਮੁਹਾਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਦੌਰਾਨ ਲਏ ਗਏ ਫ਼ੈਸਲੇ 'ਤੇ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 'ਆਪ' ਨੇ ਮੁਹਾਲੀ 'ਚ ਲੋਕਤੰਤਰ ਅਤੇ ਆਪਣੇ ਹੀ ਕਥਿਤ ਅਸੂਲਾਂ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ 'ਆਪ' ਹਮੇਸ਼ਾ ਰਾਜਨੀਤਿਕ ਅਹੁਦੇ ਆਮ ਘਰਾਂ ਦੇ ਵਲੰਟੀਅਰਾਂ ਨੂੰ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਰਹੀ ਹੈ, ਪਰ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਮੇਅਰ ਬਣਾ ਕੇ ਪਾਰਟੀ ਨੇ ਸਾਬਿਤ ਕਰ ਦਿੱਤਾ ਹੈ ਕਿ ਉਸ ਦੀ ਕਥਨੀ ਅਤੇ ਕਰਨੀ 'ਚ ਜ਼ਮੀਨ-ਅਸਮਾਨ ਦਾ ਫ਼ਰਕ ਹੈ | ਉਨ੍ਹਾਂ ਕਿਹਾ ਕਿ ਮੇਅਰ ਦੀ ਚੋਣ ਵੇਲੇ ਪਾਰਟੀ ਨੇ ਆਪਣੇ ਹੀ ਸਭ ਤੋਂ ਸੀਨੀਅਰ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਅਤੇ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਡਾ. ਸੰਨੀ ਆਹਲੂਵਾਲੀਆ ਵਰਗੇ ਤਜ਼ਰਬੇਕਾਰ ਚਿਹਰਿਆਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੈ | ਉਨ੍ਹਾਂ ਕਿਹਾ ਕਿ 'ਇਕ ਪਰਿਵਾਰ, ਇਕ ਅਹੁਦਾ' ਦਾ ਢਿੰਡੋਰਾ ਪਿੱਟਣ ਵਾਲੀ 'ਆਪ' ਨੇ ਮੁਹਾਲੀ 'ਚ ਖੁੱਲ੍ਹੇਆਮ ਪਰਿਵਾਰਵਾਦ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਹੁਣ ਇਕੋ ਪਰਿਵਾਰ ਕੋਲ ਵਿਧਾਇਕੀ ਅਤੇ ਮੇਅਰ ਵਰਗੇ ਦੋਵੇਂ ਅਹਿਮ ਸਿਆਸੀ ਅਹੁਦੇ ਆ ਗਏ ਹਨ, ਜੋ ਕਿ ਸਾਧਾਰਣ ਘਰਾਂ ਦੇ ਕੌਂਸਲਰਾਂ ਅਤੇ ਆਮ ਲੋਕਾਂ ਨਾਲ ਸਰਾਸਰ ਧੋਖਾ ਹੈ | ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਖਦੇ ਸਨ ਕਿ ਦੂਜੀਆਂ ਪਾਰਟੀਆਂ ਨੇ ਹਮੇਸ਼ਾ ਪਰਿਵਾਰਵਾਦ ਨੂੰ ਬੜਾਵਾ ਦਿੱਤਾ ਹੈ ਅਤੇ ਮੇਰੇ 'ਤੇ ਵੀ ਇਲਜ਼ਾਮ ਲਗਾਉਂਦੇ ਰਹੇ ਕਿ ਮੈਂ ਆਪਣੇ ਭਰਾ ਨੂੰ ਮੇਅਰ ਬਣਾਇਆ ਹੈ, ਜਦਕਿ ਅੱਜ ਉਨ੍ਹਾਂ ਦੀ ਖ਼ੁਦ ਦੀ ਬਦਲਾਵ ਵਾਲੀ ਪਾਰਟੀ ਨੇ ਆਮ ਵਰਕਰਾਂ ਦਾ ਹੱਕ ਕੁਚਲ ਕੇ ਆਪਣੇ ਵਿਧਾਇਕ ਦੇ ਪੁੱਤਰ ਨੂੰ ਮੇਅਰ ਬਣਾਇਆ ਹੈ | ਉਨ੍ਹਾਂ 'ਆਪ' ਦੀ ਮਹਿਲਾ ਵਿਰੋਧੀ ਮਾਨਸਿਕਤਾ 'ਤੇ ਵੀ ਸਖ਼ਤ ਸਵਾਲ ਚੁਕਦਿਆਂ ਕਿਹਾ ਕਿ ਨਗਰ ਨਿਗਮ ਦੇ ਤਿੰਨੋਂ ਅਹਿਮ ਅਹੁਦੇ ਸਿਰਫ਼ ਮਰਦਾਂ ਨੂੰ ਦੇ ਕੇ ਪਾਰਟੀ ਨੇ ਔਰਤਾਂ ਨੂੰ ਪੂਰੀ ਤਰ੍ਹਾਂ ਹਾਸ਼ੀਏ 'ਤੇ ਧੱਕ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੁਹਾਲੀ ਦੀਆਂ ਚੋਣਾਂ 'ਚ ਔਰਤਾਂ ਦੀ ਬਰਾਬਰ ਹਿੱਸੇਦਾਰੀ ਹੋਣ ਦੇ ਬਾਵਜੂਦ ਕਿਸੇ ਵੀ ਮਹਿਲਾ ਕੌਂਸਲਰ ਨੂੰ ਕੋਈ ਅਹੁਦਾ ਨਾ ਦੇਣਾ 'ਆਪ' ਦੀ ਔਰਤਾਂ ਪ੍ਰਤੀ ਵਿਤਕਰੇਬਾਜ਼ੀ ਵਾਲੀ ਸੋਚ ਨੂੰ ਜੱਗ-ਜ਼ਾਹਿਰ ਕਰਦਾ ਹੈ | ਉਨ੍ਹਾਂ ਕਿਹਾ ਕਿ ਮੁਹਾਲੀ ਦੇ ਸੂਝਵਾਨ ਲੋਕ 'ਆਪ' ਦੇ ਇਸ ਨਾਦਰਸ਼ਾਹੀ ਫ਼ੈਸਲੇ ਅਤੇ ਧਨਾਢਾਂ ਨੂੰ ਪਹਿਲ ਦੇਣ ਵਾਲੀ ਨੀਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ 'ਚ ਜਨਤਾ ਇਸ ਧੋਖੇਬਾਜ਼ੀ ਦਾ ਮੂੰਹ ਤੋੜ ਜਵਾਬ ਦੇਵੇਗੀ |