ਐੱਸ. ਏ. ਐੱਸ. ਨਗਰ, 8 ਜੂਨ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ 'ਵਿਸ਼ਵ ਸਾਈਕਲ ਦਿਵਸ' ਉਤਸ਼ਾਹ ਨਾਲ ਮਨਾਇਆ ਗਿਆ | ਇਹ ਪਹਿਲ ਭਾਰਤ ਸਰਕਾਰ ਦੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਅਧੀਨ ਸਪੋਰਟਸ ਅਥਾਰਟੀ ਆਫ਼ ਇੰਡੀਆ ਦੀ ਇਕ ਪ੍ਰਮੁੱਖ ਮੁਹਿੰਮ 'ਫਿੱਟ ਇੰਡੀਆ ਮੂਵਮੈਂਟ' ਤਹਿਤ ਕੀਤੀ ਗਈ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਤੋਂ ਪ੍ਰੇਰਿਤ ਹੈ | ਇਸ ਵਿਸ਼ੇਸ਼ ਸਾਈਕਲ ਰੈਲੀ 'ਚ 500 ਤੋਂ ਵੱਧ ਸਾਈਕਲ ਸਵਾਰਾਂ ਨੇ ਹਿੱਸਾ ਲਿਆ ਜਿਨ੍ਹਾਂ 'ਚ ਯੂਨੀਵਰਸਿਟੀ ਦੇ ਵਿਦਿਆਰਥੀ, ਫੈਕਲਟੀ, ਸਟਾਫ਼ ਮੈਂਬਰ, ਖੇਡ ਪ੍ਰੇਮੀ ਤੇ ਸਥਾਨਕ ਲੋਕ ਸ਼ਾਮਿਲ ਸਨ | ਰੈਲੀ ਦਾ ਮੁੱਖ ਉਦੇਸ਼ ਸਾਈਕਲਿੰਗ ਰਾਹੀਂ ਸਰੀਰਕ ਤੰਦਰੁਸਤੀ, ਸਿਹਤਮੰਦ ਜੀਵਨ ਸ਼ੈਲੀ, ਵਾਤਾਵਰਨ ਦੀ ਸੰਭਾਲ ਤੇ ਆਪਸੀ ਸਾਂਝ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਸਾਈਕਲ ਰੈਲੀ ਨੂੰ ਰਸਮੀ ਤੌਰ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੀ ਰਸਮ ਰਾਜਿੰਦਰ ਸਿੰਘ (ਸੀਨੀਅਰ ਓਲੰਪਿਕ ਗੋਲਡ ਮੈਡਲਿਸਟ/ਅਰਜੁਨ ਐਵਾਰਡੀ-1997/ਦ੍ਰੋਣਾਚਾਰੀਆ ਐਵਾਰਡੀ-2003/ ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਰਾਸ਼ਟਰੀ ਕੋਚ/ ਟੈਕਨੀਕਲ ਲੀਡ/ਡਾਇਰੈਕਟਰ ਰਾਊਾਡਗਲਾਸ ਸਪੋਰਟਸ ਹਾਕੀ) ਵਲੋਂ ਨਿਭਾਈ ਗਈ | ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਰੀਜ਼ਨਲ ਡਾਇਰੈਕਟਰ ਸ਼ੈਲੇਂਦਰ ਕੁਮਾਰ ਨੇ ਵਿਸ਼ੇਸ਼ ਵਜੋਂ ਸ਼ਿਰਕਤ ਕਰਦਿਆਂ ਨੌਜਵਾਨਾਂ 'ਚ ਫਿਟਨੈੱਸ ਅਤੇ ਸਮਾਜਿਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਉਚੇਚੇ ਤੌਰ 'ਤੇ ਪੁੱਜੇ ਪਤਵੰਤਿਆਂ ਨੇ ਸਾਈਕਲਿੰਗ ਦੀ ਮਹੱਤਤਾ 'ਤੇ ਚਾਨਣਾ ਪਾਇਆ | ਰੈਲੀ ਵਿਚ ਹਿੱਸਾ ਲੈਣ ਵਾਲੇ ਸਾਈਕਲਿਸਟਾਂ ਨੂੰ 'ਨਮੋ ਫਿੱਟ ਇੰਡੀਆ ਸਾਈਕਲਿੰਗ ਕਲੱਬ' ਦੇ ਮੈਂਬਰ ਬਣਨ ਲਈ ਵੀ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 'ਵਿਸ਼ਵ ਸਾਈਕਲ ਦਿਵਸ' ਮਨਾਉਣਾ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ, ਸਮਾਜਿਕ ਜ਼ਿੰਮੇਵਾਰੀ ਤੇ ਰਾਸ਼ਟਰੀ ਮੁਹਿੰਮਾਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ |