ਚੰਡੀਗੜ੍ਹ, 9 ਜੂਨ (ਰਾਮ ਸਿੰਘ ਬਰਾੜ) - ਰਾਸ਼ਟਰਮੰਡਲ ਸੰਸਦੀ ਐਸੋਸੀਏਸ਼ਨ ਇੰਡੀਆ ਰੀਜਨ ਜ਼ੋਨ-2 ਸੰਮੇਲਨ ਦਾ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਉਦਘਾਟਨ ਹੋਇਆ | ਦਸ ਜੂਨ ਤੱਕ ਹੋਣ ਵਾਲੇ ਇਸ ਸੰਮੇਲਨ ਵਿੱਚ ਵੱਖ-ਵੱਖ ਰਾਜਾਂ ਦੇ ਵਿਧਾਨ ਸਭਾ ਸਪੀਕਰ, ਡਿਪਟੀ ਸਪੀਕਰ, ਸੰਸਦ ਮੈਂਬਰ, ਵਿਧਾਇਕ ਤੇ ਸੰਸਦੀ ਅਧਿਕਾਰੀ ਹਿੱਸਾ ਲੈ ਰਹੇ ਹਨ | ਸੰਮੇਲਨ ਦੌਰਾਨ ਸੰਸਦੀ ਪਰੰਪਰਾਵਾਂ, ਲੋਕਤੰਤਰਿਕ ਪ੍ਰਕਿਰਿਆਵਾਂ, ਜਨ-ਪ੍ਰਤੀਨਿਧੀਆਂ ਦੀ ਭੂਮਿਕਾ ਤੇ ਜਨਹਿਤ ਨਾਲ ਜੁੜੇ ਵੱਖ-ਵੱਖ ਸਮਕਾਲੀ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਰਾਸ਼ਟਰੀ ਗੀਤ ਤੇ ਰਾਜ ਗੀਤ ਨਾਲ ਹੋਈ | ਇਸ ਮੌਕੇ ਇੱਕ ਵਿਸ਼ੇਸ਼ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ ਜਿਸ ਵਿੱਚ ਰਾਜ ਦੀ ਵਿਕਾਸ ਯਾਤਰਾ ਤੇ ਉਪਲਬਧੀਆਂ ਨੂੰ ਦਰਸਾਇਆ ਗਿਆ | ਹਰਿਆਣਾ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਮੰਚ 'ਤੇ ਮੌਜੂਦ ਮਹਿਮਾਨਾਂ ਦਾ ਸਵਾਗਤ ਅਤੇ ਸਨਮਾਨ ਕੀਤਾ | ਇਸ ਮੌਕੇ ਲੋਕਸਭਾ ਦੇ ਸਪੀਕਰ ਓਮ ਬਿਰਲਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਰਾਜ ਸਭਾ ਦੇ ਉਪ-ਸਭਾਪਤੀ ਹਰਿਵੰਸ਼, ਹਰਿਆਣਾ ਵਿਧਾਨਸਭਾ ਦੇ ਸਪੀਕਰ ਹਰਵਿੰਦਰ ਕਲਿਆਣ, ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕਿ੍ਸ਼ਨ ਲਾਲ ਮਿੱਢਾ ਸਮੇਤ ਹੋਰ ਵਿਸ਼ੇਸ਼ ਮਹਿਮਾਨ ਮੌਜੁਦ ਸਨ | ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਰਾਜ ਸਭਾ ਦੇ ਉਪ-ਸਭਾਪਤੀ ਹਰਿਵੰਸ਼ ਨੇ ਸਾਲ 2047 ਤੱਕ 'ਵਿਕਸਤ ਭਾਰਤ' ਦੇ ਟੀਚੇ ਦੀ ਪ੍ਰਾਪਤੀ ਵਿੱਚ ਜਾਗਰੂਕ ਸਮਾਜ ਤੇ ਜਨ-ਪ੍ਰਤੀਨਿਧੀਆਂ ਦੀ ਮਹੱਤਵਪੂਰਨ ਭੂਮਿਕਾ 'ਤੇ ਵਿਸ਼ੇਸ਼ ਜ਼ੋਰ ਦਿੱਤਾ | ਉਨ੍ਹਾਂ ਨੇ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਦੇ ਉਸ ਦੂਰਦਰਸ਼ੀ ਯਤਨ ਦੀ ਸ਼ਲਾਘਾ ਕੀਤੀ ਜਿਸ ਤਹਿਤ ਪਹਿਲੀ ਵਾਰ ਸੀ.ਪੀ.ਏ. ਇੰਡੀਆ ਨੂੰ ਨੌਂ ਜ਼ੋਨਾਂ ਵਿੱਚ ਵੰਡ ਕੇ ਸੰਸਦੀ ਸੰਵਾਦ ਨੂੰ ਵਧੇਰੇ ਸਰਗਰਮ, ਨਿਯਮਿਤ ਤੇ ਵਿਵਸਥਿਤ ਬਣਾਇਆ ਗਿਆ ਹੈ | ਹਰਿਵੰਸ਼ ਨੇ ਕਿਹਾ ਕਿ ਸਾਲ 2047 ਤੱਕ ਵਿਕਸਤ ਭਾਰਤ ਦਾ ਟੀਚਾ ਉਦੋਂ ਹੀ ਸਾਕਾਰ ਹੋਵੇਗਾ, ਜਦੋਂ ਦੇਸ਼ ਦੇ ਸਾਰੇ ਖੇਤਰਾਂ ਦਾ ਸੰਤੁਲਿਤ ਤੇ ਸਮਾਵੇਸ਼ੀ ਵਿਕਾਸ ਯਕੀਨੀ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਉੱਤਰ ਖੇਤਰ ਦੇ ਰਾਜਾਂ ਦਾ ਇਸ ਟੀਚੇ ਦੀ ਪ੍ਰਾਪਤੀ ਵਿੱਚ ਵਿਸ਼ੇਸ਼ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਸਮਾਜ ਅਤੇ ਵਿਧਾਇਕਾਂ ਨੂੰ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ, ਸਾਈਬਰ ਸੁਰੱਖਿਆ, ਜਲਵਾਯੂ ਪਰਿਵਰਤਨ, ਪਰਾਲੀ ਪ੍ਰਬੰਧਨ, ਜਲ ਸੰਕਟ ਅਤੇ ਤੇਜ਼ ਸ਼ਹਿਰੀਕਰਨ ਵਰਗੀਆਂ ਉੱਭਰ ਰਹੀਆਂ ਚੁਣੌਤੀਆਂ ਦਾ ਸਾਹਮਣਾ ਤੱਥ-ਅਧਾਰਿਤ ਨੀਤੀ ਨਿਰਮਾਣ ਤੇ ਮਾਹਿਰਾਂ ਨਾਲ ਨਿਰੰਤਰ ਸੰਵਾਦ ਰਾਹੀਂ ਕਰਨਾ ਹੋਵੇਗਾ |