ਚੰਡੀਗੜ੍ਹ, 9 ਜੂਨ (ਰਾਮ ਸਿੰਘ ਬਰਾੜ) - ਰਾਸ਼ਟਰਮੰਡਲ ਸੰਸਦੀ ਐਸੋਸੀਏਸ਼ਨ ਇੰਡੀਆ ਰੀਜਨ ਜ਼ੋਨ-2 ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਹਰਿਆਣਾ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਨੇ ਕਿਹਾ ਕਿ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਤੇ ਵਿਕਸਤ ਭਾਰਤ-2047 ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਜਾਗਰੂਕ ਸਮਾਜ ਤੇ ਜਨ-ਪ੍ਰਤੀਨਿਧੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਇੱਕ ਜਾਗਰੂਕ ਸਮਾਜ ਜਿੱਥੇ ਮਜ਼ਬੂਤ ਲੋਕਤੰਤਰ ਦੀ ਨੀਂਹ ਰੱਖਦਾ ਹੈ ਉੱਥੇ ਹੀ ਜਨ-ਪ੍ਰਤੀਨਿਧੀ ਸਮਾਜ ਦੀਆਂ ਉਮੀਦਾਂ ਨੂੰ ਨੀਤੀਆਂ ਅਤੇ ਜਨ-ਭਲਾਈ ਦੇ ਫੈਸਲਿਆਂ ਦਾ ਸਰੂਪ ਪ੍ਰਦਾਨ ਕਰਦੇ ਹਨ | ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਲੋਕਤੰਤਰਿਕ ਸੰਸਥਾਵਾਂ ਨੂੰ ਵਧੇਰੇ ਪ੍ਰਭਾਵਸ਼ਾਲੀ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣਾ ਸਮੇਂ ਦੀ ਲੋੜ ਹੈ | ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਦੇਸ਼ ਭਰ ਦੇ ਵਿਧਾਨ ਮੰਡਲਾਂ ਨੂੰ ਇੱਕ ਸਾਂਝੇ ਸੰਸਦੀ ਮੰਚ 'ਤੇ ਜੋੜਨ, ਡਿਜੀਟਲ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਤੇ ਉੱਤਮ ਸੰਸਦੀ ਪਰੰਪਰਾਵਾਂ ਦੇ ਆਦਾਨ-ਪ੍ਰਦਾਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ | ਹਰਵਿੰਦਰ ਕਲਿਆਣ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਵਿਧਾਨਕ ਮਜ਼ਬੂਤੀ, ਸਮਰੱਥਾ ਨਿਰਮਾਣ ਤੇ ਸੰਵਿਧਾਨਕ ਜਾਗਰੂਕਤਾ ਦੀ ਦਿਸ਼ਾ ਵਿੱਚ ਨਿਰੰਤਰ ਕਾਰਜ ਕਰ ਰਹੀ ਹੈ | ਲੋਕ ਸਭਾ ਸਕੱਤਰੇਤ ਦੇ ਸਹਿਯੋਗ ਨਾਲ ਵਿਧਾਇਕਾਂ, ਅਧਿਕਾਰੀਆਂ, ਕਰਮਚਾਰੀਆਂ, ਕਮੇਟੀ ਪ੍ਰਧਾਨਾਂ ਤੇ ਮੀਡੀਆ ਪ੍ਰਤੀਨਿਧੀਆਂ ਲਈ ਵੱਖ-ਵੱਖ ਸਿਖਲਾਈ ਪ੍ਰੋਗਰਾਮ ਤੇ ਵਰਕਸ਼ਾਪਾਂ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਵਾਤਾਵਰਣ, ਮਹਿਲਾ ਸਸ਼ਕਤੀਕਰਨ ਤੇ ਯੂਥ ਮਾਮਲਿਆਂ ਨਾਲ ਸਬੰਧਤ ਵਿਸ਼ਾ ਕਮੇਟੀਆਂ ਦਾ ਗਠਨ ਭਵਿੱਖ ਦੀਆਂ ਚੁਣੌਤੀਆਂ ਦੇ ਅਨੁਰੂਪ ਵਿਧਾਨ ਸਭਾ ਨੂੰ ਹੋਰ ਵਧੇਰੇ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ | ਹਰਵਿੰਦਰ ਕਲਿਆਣ ਨੇ ਸੰਮੇਲਨ ਵਿੱਚ ਹਿੱਸਾ ਲੈਣ ਪਹੁੰਚੇ ਵੱਖ-ਵੱਖ ਰਾਜਾਂ ਦੇ ਪੀਠਾਸੀਨ ਅਧਿਕਾਰੀਆਂ, ਡਿਪਟੀ ਸਪੀਕਰਾਂ, ਵਿਧਾਇਕਾਂ ਅਤੇ ਸੰਸਦੀ ਅਧਿਕਾਰੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਦਿੱਲੀ ਨੂੰ ਸ਼ਾਮਲ ਕਰਨ ਵਾਲਾ ਇਹ ਖੇਤਰੀ ਮੰਚ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ, ਸੰਸਦੀ ਅਨੁਭਵਾਂ ਦੇ ਆਦਾਨ-ਪ੍ਰਦਾਨ ਤੇ ਜਨ-ਪ੍ਰਤੀਨਿਧੀਆਂ ਦੀ ਭੂਮਿਕਾ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸੰਮੇਲਨ ਦੌਰਾਨ ਹੋਣ ਵਾਲੇ ਵੱਖ-ਵੱਖ ਸੈਸ਼ਨ ਤੇ ਵਿਚਾਰ-ਵਟਾਂਦਰੇ ਭਾਗੀਦਾਰਾਂ ਲਈ ਉਪਯੋਗੀ ਸਿੱਧ ਹੋਣਗੇ ਅਤੇ ਲੋਕਤੰਤਰਿਕ ਸੰਸਥਾਵਾਂ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਨਵੇਂ ਸੁਝਾਅ ਅਤੇ ਅਨੁਭਵ ਪ੍ਰਾਪਤ ਹੋਣਗੇ | ਇਸ ਮੌਕੇ 'ਤੇ ਸੰਸਦੀ ਕਾਰਜ ਮੰਤਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਲੋਕਤੰਤਰਿਕ ਸੰਸਥਾਵਾਂ ਦੇ ਵਿਚਕਾਰ ਸੰਵਾਦ, ਸਹਿਯੋਗ ਤੇ ਅਨੁਭਵਾਂ ਦਾ ਆਦਾਨ-ਪ੍ਰਦਾਨ ਹੀ ਸੁਸ਼ਾਸਨ ਤੇ ਰਾਸ਼ਟਰ ਨਿਰਮਾਣ ਦੀ ਸਭ ਤੋਂ ਵੱਡੀ ਸ਼ਕਤੀ ਹੈ | ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਸੰਮੇਲਨ ਵਿੱਚ ਹੋਏ ਵਿਚਾਰ-ਵਟਾਂਦਰੇ, ਸੁਝਾਅ ਤੇ ਅਨੁਭਵ ਸਾਡੀਆਂ ਸੰਸਦੀ ਪਰੰਪਰਾਵਾਂ ਨੂੰ ਹੋਰ ਵਧੇਰੇ ਅਮੀਰ ਕਰਨਗੇ ਤੇ ਵਿਕਸਤ ਭਾਰਤ-2047 ਦੇ ਰਾਸ਼ਤਰੀ ਸੰਕਲਪ ਨੂੰ ਨਵੀਂ ਦਿਸ਼ਾ ਤੇ ਊਰਜਾ ਪ੍ਰਦਾਨ ਕਰਨਗੇ |