ਚੰਡੀਗੜ੍ਹ, 9 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੂਰੀ ਦੁਨੀਆ ਬੇਮਿਸਾਲ ਤਬਦੀਲੀਆਂ ਦੇ ਦੌਰ ਵਿਚੋਂ ਲੰਘ ਰਹੀ ਹੈ | ਆਰਟੀਫੀਸ਼ੀਅਲ ਇੰਟੈਲੀਜੈਂਸ, ਸਾਈਬਰ ਸਿਕਿਉਰਿਟੀ, ਜਲਵਾਯੂ ਪਰਿਵਰਤਨ, ਊਰਜਾ ਦੀਆਂ ਵਧਦੀਆਂ ਲੋੜਾਂ, ਡਿਜੀਟਲ ਅਰਥਵਿਵਸਥਾ, ਗਲੋਬਲ ਮੁਕਾਬਲੇਬਾਜ਼ੀ ਤੇ ਸਮਾਜਿਕ ਅਸਮਾਨਤਾਵਾਂ ਸਾਡੇ ਸਾਹਮਣੇ ਨਵੀਆਂ ਚੁਣੌਤੀਆਂ ਬਣ ਕੇ ਖੜ੍ਹੀਆਂ ਹਨ | ਇਨ੍ਹਾਂ ਚੁਣੌਤੀਆਂ ਦਾ ਹੱਲ ਸਿਰਫ਼ ਪ੍ਰਸ਼ਾਸਨਿਕ ਫ਼ੈਸਲਿਆਂ ਨਾਲ ਸੰਭਵ ਨਹੀਂ ਹੈ | ਇਸ ਲਈ ਜਨ-ਜਾਗਰੂਕਤਾ, ਸਮਾਜਿਕ ਸਹਿਭਾਗਤਾ ਤੇ ਪ੍ਰਭਾਵੀ ਵਿਧਾਇਕੀ ਲੀਡਰਸ਼ਿਪ ਦੀ ਲੋੜ ਹੈ | ਮੁੱਖ ਮੰਤਰੀ ਸੋਮਵਾਰ ਨੂੰ ਹਰਿਆਣਾ ਵਿਧਾਨਸਭਾ ਦੀ ਸਰਪ੍ਰਸਤੀ ਹੇਠ ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜਨ ਦੇ ਜ਼ੋਨ-2 ਦੇ ਤਿੰਨ ਰੋਜ਼ਾ ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿਚ ਸੰਬੋਧਿਤ ਕਰ ਰਹੇ ਸਨ | ਸੰਮੇਲਨ ਦਾ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਉਦਘਾਟਨ ਕੀਤਾ | ਇਸ ਮੌਕੇ ਰਾਜ ਸਭਾ ਦੇ ਉਪ-ਸਭਾਪਤੀ ਹਰਿਵੰਸ਼ ਨਾਰਾਇਣ ਸਿੰਘ, ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ, ਡਿਪਟੀ ਸਪੀਕਰ ਡਾ. ਕਿ੍ਸ਼ਨ ਮਿੱਢਾ, ਹਰਿਆਣਾ ਦੇ ਸੰਸਦੀ ਕਾਰਜ ਮੰਤਰੀ ਮਹੀਪਾਲ ਢਾਂਡਾ ਵੀ ਮੌਜੂਦ ਸਨ | ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਸੰਮੇਲਨ ਵਿਚ ਦੇਸ਼ ਦੇ 15 ਵਿਧਾਨ ਮੰਡਲਾਂ ਦੇ ਪੀਠਾਸੀਨ ਅਧਿਕਾਰੀ, ਉਪ-ਪੀਠਾਸੀਨ ਅਧਿਕਾਰੀ ਤੇ ਵਿਧਾਇਕ ਵੀ ਹਿੱਸਾ ਲੈ ਰਹੇ ਹਨ | ਉਦਘਾਟਨੀ ਸੈਸ਼ਨ ਦੌਰਾਨ ਹਰਿਆਣਾ ਦੇ ਇਤਿਹਾਸ 'ਤੇ ਇੱਕ ਵਿਸ਼ੇਸ਼ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ ਗਈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੌਜੂਦ ਮਹਿਮਾਨਾਂ ਦਾ ਹਰਿਆਣਾ ਪਹੁੰਚਣ 'ਤੇ ਸਵਾਗਤ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਧਾਨਸਭਾ ਦਾ ਇਹ ਸਦਨ ਇਸ ਰਾਸ਼ਟਰੀ ਸੰਮੇਲਨ ਦਾ ਗਵਾਹ ਬਣਿਆ ਹੈ, ਇਹ ਪ੍ਰਦੇਸ਼ ਲਈ ਮਾਣ ਵਾਲੀ ਗੱਲ ਹੈ ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਸਦਨ ਖ਼ੁਦ ਇੱਕ ਜਿਉਂਦੀ-ਜਾਗਦੀ ਵਿਰਾਸਤ ਹੈ | ਇਨ੍ਹਾਂ ਕੰਧਾਂ ਨੇ ਪਿਛਲੇ ਛੇ ਦਹਾਕਿਆਂ 'ਚ ਲੋਕਤੰਤਰ ਦੀਆਂ ਅਨੇਕਾਂ ਗਾਥਾਵਾਂ ਸੁਣੀਆਂ ਹਨ, ਜਨਤਕ ਇੱਛਾਵਾਂ ਨੂੰ ਆਵਾਜ਼ ਮਿਲਦੇ ਦੇਖਿਆ ਹੈ, ਮਹੱਤਵਪੂਰਨ ਮੁੱਦਿਆਂ ਨੂੰ ਆਤਮਸਾਤ ਕੀਤਾ ਹੈ ਤੇ ਅਨੇਕਾਂ ਇਤਿਹਾਸਕ ਫ਼ੈਸਲਿਆਂ ਦੀ ਗਵਾਹ ਬਣੀਆਂ ਹਨ | ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਨੇ 'ਵਿਕਸਤ ਭਾਰਤ -2047' ਦੇ ਵਿਜ਼ਨ ਨੂੰ ਸਿਰਫ਼ ਇੱਕ ਨਾਅਰੇ ਵਜੋਂ ਨਹੀਂ, ਸਗੋਂ ਇੱਕ ਸਮੂਹਿਕ ਸੰਕਲਪ ਵਜੋਂ ਆਤਮਸਾਤ ਕੀਤਾ ਹੈ ਤੇ ਸਰਕਾਰ ਨੇ ਇਸ ਨੂੰ ਸਿਰਫ਼ ਕਾਗ਼ਜ਼ਾਂ 'ਤੇ ਨਹੀਂ ਲਿਖਿਆ ਸਗੋਂ ਜ਼ਮੀਨ 'ਤੇ ਉਤਾਰਿਆ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਤੇਜ਼ੀ ਨਾਲ ਬਦਲਦੇ ਯੁੱਗ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਆਉਣ ਵਾਲੇ ਭਵਿੱਖ ਦੀ ਨੀਂਹ ਨੂੰ ਹੋਰ ਮਜ਼ਬੂਤ ਕਰੀਏ |