ਚੰਡੀਗੜ੍ਹ, 9 ਜੂਨ (ਅਜਾਇਬ ਸਿੰਘ ਔਜਲਾ)- ਇੱਥੇ ਅੱਜ ਜਲ ਸਪਲਾਈ ਯੂਨੀਅਨ ਵਲੋਂ ਹੋਣ ਵਾਲੀ ਵਰਕਰ ਏਕਤਾ ਪ੍ਰਦਰਸ਼ਨ ਮੈਗਾ ਰੈਲੀ ਦੀ ਤਿਆਰੀ ਲਈ ਸੈਕਟਰ 26 ਵਿਖੇ ਇਕ ਮਹੱਤਵਪੂਰਨ ਗੇਟ ਮੀਟਿੰਗ ਕੀਤੀ ਗਈ | ਯੂਨੀਅਨ ਆਗੂਆਂ ਤੇ ਵਰਕਰਾਂ ਨੇ ਮੀਟਿੰਗ ਵਿਚ ਸਾਰੇ ਵਰਕਰਾਂ ਨੂੰ ਮੈਗਾ ਰੈਲੀ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ | ਇਸ ਮੌਕੇ ਯੂਨੀਅਨ ਦੇ ਚੇਅਰਮੈਨ ਰਾਜਿੰਦਰ ਕੁਮਾਰ ਸ਼ਰਮਾ, ਪ੍ਰਧਾਨ ਨਿਰਮਲ ਸਿੰਘ, ਜਨਰਲ ਸਕੱਤਰ ਰਾਜਿੰਦਰ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ, ਅਮਿਤ ਕੁਮਾਰ, ਦਲਜੀਤ ਸਿੰਘ ਮਲੋਆ, ਦੀਪਕ ਧੀਮਾਨ, ਸੰਦੀਪ ਸ਼ਰਮਾ, ਸੰਜੇ ਦੱਤ (ਸੈਕਟਰ 26) ਤੇ ਪੰਪ ਹਾਊਸ ਆਪਰੇਟਰ ਅਰਵਿੰਦ ਕੁਮਾਰ ਸਮੇਤ ਹੋਰ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ ਤੇ ਹਾਜ਼ਰ ਕਰਮਚਾਰੀਆਂ ਨੂੰ ਸੰਬੋਧਨ ਕੀਤਾ | ਆਪਣੇ ਸੰਬੋਧਨ ਵਿੱਚ ਯੂਨੀਅਨ ਆਗੂਆਂ ਨੇ ਕਿਹਾ ਕਿ ਕਰਮਚਾਰੀਆਂ ਦੇ ਹੱਕਾਂ, ਮਾਣ-ਸਨਮਾਨ ਅਤੇ ਭਵਿੱਖ ਦੀ ਸੁਰੱਖਿਆ ਲਈ 16 ਜੂਨ ਦੀ ਮੈਗਾ ਰੈਲੀ ਨੂੰ ਇਤਿਹਾਸਕ ਬਣਾਉਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਿਰੰਤਰ ਸੰਘਰਸ਼ ਜਾਰੀ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਕਰਮਚਾਰੀ ਇੱਕਜੁੱਟ ਹੋ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਅੱਗੇ ਆਉਣ | ਆਗੂਆਂ ਨੇ ਕਿਹਾ ਕਿ ਮਟਿੰਗ ਦੌਰਾਨ ਸਾਰੇ ਬੁਲਾਰਿਆਂ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ 16 ਜੂਨ ਨੂੰ ਸੈਕਟਰ 17 ਮਾਰਕੀਟ ਅੰਡਰ ਬਿ੍ਜ ਚੰਡੀਗੜ੍ਹ ਵਿਖੇ ਹੋਣ ਵਾਲੀ ਵਰਕਰ ਏਕਤਾ ਰੋਸ ਮਹਾ ਰੈਲੀ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਆਪਣੀਆਂ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕੀਤੀ |