ਪੈਸਿਆਂ ਦੇ ਲੈਣ-ਦੇਣ ਕਾਰਨ ਕੀਤੀ ਸੀ ਤਨੀਸ਼ ਅਰੋੜਾ ਦੀ ਹੱਤਿਆ, ਮੁਲਜ਼ਮ ਦੀ ਭਾਲ 'ਚ ਝਾਰਖੰਡ ਗਈਆਂ ਪੁਲਿਸ ਟੀਮਾਂ
ਅਜੀਤ ਡੈਸਕ
10-06-2026
ਜਲੰਧਰ, 9 ਜੂਨ (ਜਤਿੰਦਰ ਪੰਮੀ)-ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੀ ਸ਼ੇਰ ਸਿੰਘ ਕਾਲੋਨੀ 'ਚੋਂ ਮਿਲੀ ਲਾਸ਼ ਦੀ ਪਛਾਣ ਬਸਤੀ ਸ਼ੇਖ ਦੇ ਰਹਿਣ ਵਾਲੇ 32 ਸਾਲਾ ਤਨੀਸ਼ ਅਰੋੜਾ ਉਰਫ ਨੰਨੀ ਵਜੋਂ ਹੋਈ ਹੈ, ਜਿਸ ਦੀ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੱਤਿਆ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ | ਪੁਲਿਸ ਵਲੋਂ ਮੁਲਜ਼ਮ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁੱਖ ਮੁਲਜ਼ਮ ਦੀਪਕ, ਜੋ ਚਾਰ ਬੱਚਿਆਂ ਦਾ ਪਿਤਾ ਹੈ, ਨੇ ਤਨੀਸ਼ ਅਰੋੜਾ ਨੂੰ ਸ਼ੇਰ ਸਿੰਘ ਕਾਲੋਨੀ ਸਥਿਤ ਆਪਣੇ ਕਿਰਾਏ ਦੇ ਮਕਾਨ 'ਚ ਬੁਲਾਇਆ ਸੀ | ਦੋਵਾਂ ਵਿਚਕਾਰ ਉਧਾਰ ਦਿੱਤੇ ਪੈਸਿਆਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ | ਇਸੇ ਵਿਵਾਦ ਕਾਰਨ ਮੁਲਜ਼ਮ ਨੇ ਕਥਿਤ ਤੌਰ 'ਤੇ ਤਨੀਸ਼ ਦਾ ਕਤਲ ਕਰ ਦਿੱਤਾ | ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਤਲ ਤੋਂ ਬਾਅਦ ਲਾਸ਼ ਟਿਕਾਣੇ ਲਾਉਣ ਲਈ ਮੁਲਜ਼ਮ ਨੇ ਉਸ ਦੇ ਕਈ ਟੋਟੇ ਕਰ ਦਿੱਤੇ | ਲਾਸ਼ ਨੂੰ ਰੱਸੀਆਂ ਨਾਲ ਬੰਨ੍ਹ ਕੇ ਕਾਰ
ਦੀ ਮੈਟ ਤੇ ਤਿਰਪਾਲ ਵਿੱਚ ਲਪੇਟ ਘਰ ਦੇ ਬਾਥਰੂਮ ਵਿੱਚ ਲੁਕਾ ਦਿੱਤਾ ਗਿਆ | ਵਾਰਦਾਤ ਤੋਂ ਬਾਅਦ ਮੁਲਜ਼ਮ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ | ਕਰੀਬ ਤਿੰਨ-ਚਾਰ ਦਿਨ ਬਾਅਦ ਘਰ ਵਿਚੋਂ ਬਦਬੂ ਆਉਣ 'ਤੇ ਗੁਆਂਢੀਆਂ ਨੇ ਮਕਾਨ ਮਾਲਕ ਤੇ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਨੇ ਤਾਲਾ ਤੋੜ ਕੇ ਘਰ ਅੰਦਰ ਦਾਖਲ ਹੋ ਕੇ ਬਾਥਰੂਮ ਵਿਚੋਂ ਸੜੀ-ਗਲੀ ਲਾਸ਼ ਬਰਾਮਦ ਕੀਤੀ ਸੀ | ਮਿ੍ਤਕ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਤਨੀਸ਼ ਕਾਫੀ ਜਵਾਨ ਸੀ, ਇਸ ਲਈ ਇਕੱਲੇ ਮੁਲਜ਼ਮ ਵਲੋਂ ਇਸ ਵਾਰਦਾਤ ਨੂੰ ਅੰਜਾਮ ਦੇਣਾ ਮੁਸ਼ਕਲ ਲੱਗਦਾ ਹੈ | ਉਨ੍ਹਾਂ ਨੇ ਕਤਲ ਵਿੱਚ ਹੋਰ ਲੋਕਾਂ ਦੀ ਸ਼ਮੂਲੀਅਤ ਹੋਣ ਦਾ ਸ਼ੱਕ ਜ਼ਾਹਰ ਕੀਤਾ | ਇਸ ਸੰਬੰਧੀ ਸੰਪਰਕ ਕਰਨ 'ਤੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਜੈਇੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਗਿ੍ਫਤਾਰੀ ਲਈ ਪੁਲਿਸ ਦੀਆਂ ਟੀਮਾਂ ਝਾਰਖੰਡ ਭੇਜੀਆਂ ਗਈਆਂ ਹਨ |