ਪੰਜਾਬ ਯੂਨੀਵਰਸਿਟੀ ਵਲੋਂ ਆਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਲਈ ਦਾਖਲਿਆਂ ਸੰਬੰਧੀ ਪ੍ਰਾਸਪੈਕਟ ਜਾਰੀ
ਅਜੀਤ ਡੈਸਕ
17-06-2026
ਚੰਡੀਗੜ੍ਹ, 16 ਜੂਨ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ (ਸੀਡੀਓਈ ਵਿਭਾਗ) ਵੱਲੋਂ ਵਿਦਿਅਕ ਸੈਸ਼ਨ 2026-27 ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਰੇਣੂ ਵਿਗ ਨੇ ਅੱਜ ਇੰਡੀਅਨ ਜਰਨਲ ਆਫ਼ ਡਿਸਟੈਂਸ ਐਜੂਕੇਸ਼ਨ ਦੇ ਨਾਲ ਸੀਡੀਓਈ ਦਾ ਦਾਖਲਾ ਪ੍ਰਾਸਪੈਕਟਸ ਜਾਰੀ ਕੀਤਾ ਅਤੇ ਇਹ ਪ੍ਰਾਸਪੈਕਟ ਪੰਜਾਬ ਯੂਨੀਵਰਸਿਟੀ ਦੀ ਵੈਬਸਾਇਟ ’ਤੇ ਉਪਲੱਬਧ ਹੈ। ਵਿਭਾਗ ਵਲੋਂ ਜਾਰੀ ਪ੍ਰਾਸਪੈਕਟਸ ਵਿਚ ਪ੍ਰੋਗਰਾਮਾਂ, ਦਾਖਲਾ ਪ੍ਰਕਿਰਿਆਵਾਂ, ਯੋਗਤਾ ਮਾਪਦੰਡ, ਵਿਦਿਆਰਥੀ ਸਹਾਇਤਾ ਸੇਵਾਵਾਂ ਅਤੇ ਅਕਾਦਮਿਕ ਸਹੂਲਤਾਂ ਬਾਰੇ ਵਿਆਪਕ ਜਾਣਕਾਰੀ ਦਿੱਤੀ ਗਈ ਹੈ। ਜਿਸ ਅਨੁਸਾਰ ਸਮੈਸਟਰ ਤਿੰਨ ਅਤੇ ਚਾਰ ਵਿੱਚ ਨਿਰੰਤਰ ਵਿਦਿਆਰਥੀਆਂ ਲਈ ਦਾਖਲੇ 7 ਜੁਲਾਈ ਅਤੇ ਸਮੈਸਟਰ ਇੱਕ ਲਈ ਦਾਖਲੇ 15 ਜੁਲਾਈ ਤੋਂ ਸ਼ੁਰੂ ਹੋਣਗੇ। ਪ੍ਰਾਸਪੈਕਟ ਜਾਰੀ ਕਰਨ ਸੰਬੰਧੀ ਸਮਾਰੋਹ ਵਿੱਚ ਯੂਨੀਵਰਸਿਟੀ ਇੰਸਟਰਕਸ਼ਨ (ਡੀਯੂਆਈ) ਦੀ ਡੀਨ ਪ੍ਰੋਫੈਸਰ ਮੀਨਾਕਸ਼ੀ ਗੋਇਲ, ਪ੍ਰੋ. ਰਜਤ ਸੰਧੀਰ ਚੇਅਰਮੈਨ ਡੁਅਲ ਡਿਗਰੀ ਕਮੇਟੀ, ਪ੍ਰੋ. ਹਰਸ਼ ਗੰਧਰ ਡਾਇਰੈਕਟਰ ਸੀਡੀਓਈ, ਪ੍ਰੋ. ਸ਼ੀਨਾ ਪਾਲ, ਇੰਡੀਅਨ ਜਰਨਲ ਆਫ਼ ਡਿਸਟੈਂਸ ਐਜੂਕੇਸ਼ਨ ਦੇ ਸੰਪਾਦਕ ਪ੍ਰੋ. ਮਮਤਾ ਗਰਗ, ਖੋਜ ਨਿਰਦੇਸ਼ਕ ਪ੍ਰੋ. ਸਵਿਤਾ ਗੁਪਤਾ, ਰਜਿਸਟਰਾਰ ਪ੍ਰੋ. ਵਾਈ. ਪੀ. ਵਰਮਾ ਡਾ. ਪੂਰਵਾ ਮਿਸ਼ਰਾ ਅਕਾਦਮਿਕ ਸਕੱਤਰ ਅਤੇ ਡਾ. ਅਨਿਲ ਕੁਮਾਰ ਪ੍ਰਸ਼ਾਸਨ ਸਕੱਤਰ ਸ਼ਾਮਲ ਹੋਏ। ਸੀਡੀਓਈ ਨੇ ਵਿਭਿੰਨ ਸਿਖਿਆਰਥੀਆਂ ਅਤੇ ਕੰਮ ਕਰਨ ਵਾਲੇ ਪੇਸ਼ੇਵਰਾਂ ਦੀਆਂ ਵਿਦਿਅਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਕੁੱਲ 29 ਪ੍ਰੋਗਰਾਮ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ ਚਾਰ ਅੰਡਰਗ੍ਰੈਜੁਏਟ ਪ੍ਰੋਗਰਾਮ ਜਿਵੇਂ ਬੈਚਲਰ ਆਫ਼ ਆਰਟਸ (ਬੀ.ਏ.), ਐਨਈਪੀ ਅਧੀਨ ਬੈਚਲਰ ਆਫ਼ ਕਾਮਰਸ (ਬੀ.ਕਾਮ.), ਬੈਚਲਰ ਆਫ਼ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ (ਬੀ.ਐਲਆਈਐਸ.), ਅਤੇ ਬੈਚਲਰ ਆਫ਼ ਐਜੂਕੇਸ਼ਨ (ਬੀ.ਐਡ.), ਜਿਸ ਵਿੱਚ ਬੀ.ਐਡ. ਪ੍ਰੋਗਰਾਮ ਨੂੰ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ (ਐਨਸੀਟੀਈ) ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ। ਪੋਸਟ ਗ੍ਰੈਜੂਏਟ ਪੱਧਰ ’ਤੇ ਅੰਗਰੇਜ਼ੀ, ਹਿੰਦੀ, ਪੰਜਾਬੀ, ਲੋਕ ਪ੍ਰਸ਼ਾਸਨ, ਰਾਜਨੀਤੀ ਵਿਗਿਆਨ, ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿੱਚ ਐਮ.ਏ.; ਮਾਸਟਰ ਆਫ਼ ਕਾਮਰਸ (ਐਮ.ਕਾਮ.); ਅਤੇ ਮਾਸਟਰ ਆਫ਼ ਬਿਜ਼ਨਸ ਐਡਮਿਨਿਸਟਰੇਸ਼ਨ (ਐਮਬੀਏ) ਸ਼ਾਮਲ ਹਨ। ਜਿਕਰਯੋਗ ਹੈ ਕਿ ਵਿਭਾਗ ਯੂਨੀਵਰਸਿਟੀ ਗਰਾਂਟ ਕਮਿਸ਼ਨ ਅਤੇ ਪੰਜਾਬ ਯੂਨੀਵਰਸਿਟੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਫਰੀਸ਼ਿਪ ਅਤੇ ਫੀਸ ਰਿਆਇਤਾਂ ਵੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ 2023 ਤੋਂ ਪੰਜਾਬ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਲਾਗੂ ਕੀਤੀ ਗਈ ਦੋਹਰੀ ਡਿਗਰੀ ਦੀ ਵਿਵਸਥਾ, ਵਿਦਿਆਰਥੀਆਂ ਨੂੰ ਨਿਰਧਾਰਤ ਨਿਯਮਾਂ ਦੇ ਤਹਿਤ ਇੱਕੋ ਸਮੇਂ ਦੋ ਅਕਾਦਮਿਕ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਦੇ ਯੋਗ ਬਣਾਉਂਦੀ ਹੈ। ਰਾਸ਼ਟਰੀ ਸਿੱਖਿਆ ਨੀਤੀ ਦੇ ਲਾਗ ਕਰਨ ਦੇ ਹਿੱਸੇ ਵਜੋਂ ਬੀ.ਕਾਮ. ਪ੍ਰੋਗਰਾਮ ਵਿੱਚ ਚਾਰ-ਸਾਲਾ ਅੰਡਰਗ੍ਰੈਜੁਏਟ ਪ੍ਰੋਗਰਾਮ ਢਾਂਚਾ ਪੇਸ਼ ਕੀਤਾ ਗਿਆ ਹੈ।