ਨਿਵਾਸੀਆਂ ਦੀ ਫੀਡਬੈਕ ਨਾਲ ਬਿਜਲੀ ਵੰਡ ਪ੍ਰਣਾਲੀ ਵਿਚ ਹੋਵੇਗਾ ਹੋਰ ਸੁਧਾਰ-ਬ੍ਰਜੇਸ਼ ਕੁਮਾਰ
ਅਜੀਤ ਡੈਸਕ
17-06-2026
ਕਰਾਫੈਡ ਦੇ ਚੇਅਰਮੈਨ ਹਿਤੇਸ਼ ਪੁਰੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਸੀ.ਪੀ.ਡੀ.ਐਲ ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ, ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬ੍ਰਜੇਸ਼ ਕੁਮਾਰ ਅਤੇ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਮੀਟਿੰਗ ਨੇ ਖਪਤਕਾਰਾਂ ਅਤੇ ਬਿਜਲੀ ਵੰਡ ਕੰਪਨੀ ਵਿਚਾਲੇ ਸਿੱਧੀ ਗੱਲਬਾਤ ਲਈ ਇੱਕ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕੀਤਾ, ਜਿਸ ਰਾਹੀਂ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਨਾਲ ਸਬੰਧਤ ਬਿਜਲੀ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ ਗਏ। ਮੀਟਿੰਗ ਦੀ ਸ਼ੁਰੂਆਤ ਦੌਰਾਨ ਹਿਤੇਸ਼ ਪੁਰੀ ਨੇ ਸੀ.ਪੀ.ਡੀ.ਐਲ ਵਲੋਂ ਚੰਡੀਗੜ੍ਹ ’ਚ ਬਿਜਲੀ ਸੇਵਾਵਾਂ ਨੂੰ ਸੁਧਾਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਿਜਲੀ ਵੰਡ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਕੰਪਨੀ ਵਲੋਂ ਖਪਤਕਾਰ ਸੇਵਾਵਾਂ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਵਿਚ ਕਾਫ਼ੀ ਸੁਧਾਰ ਕੀਤਾ ਗਿਆ ਹੈ, ਜਿਸ ਦਾ ਲਾਭ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਹੈ। ਇਸ ਮੌਕੇ ਕਰਾਫੈਡ ਵੱਲੋਂ ਬਿਜਲੀ ਸਪਲਾਈ, ਬਿਲਿੰਗ ਸਬੰਧੀ ਮਾਮਲਿਆਂ ਅਤੇ ਖਪਤਕਾਰ ਸੇਵਾਵਾਂ ਨਾਲ ਜੁੜੇ ਮੁੱਦਿਆਂ ਬਾਰੇ ਇੱਕ ਮੰਗ-ਪੱਤਰ ਵੀ ਸੀ.ਪੀ.ਡੀ.ਐਲ ਅਧਿਕਾਰੀਆਂ ਨੂੰ ਸੌਂਪਿਆ ਗਿਆ। ਇਸ ਵਿਚ ਖਪਤਕਾਰਾਂ ਤੋਂ ਪ੍ਰਾਪਤ ਫੀਡਬੈਕ ਅਤੇ ਕਈ ਸੁਝਾਅ ਸ਼ਾਮਲ ਸਨ, ਜਿਨ੍ਹਾਂ ਨੂੰ ਕੰਪਨੀ ਵੱਲੋਂ ਸਕਾਰਾਤਮਕ ਢੰਗ ਨਾਲ ਵਿਚਾਰਨ ਦਾ ਭਰੋਸਾ ਦਿੱਤਾ ਗਿਆ। ਸੀ.ਪੀ.ਡੀ.ਐਲ ਦੇ ਸੀ.ਈ.ਓ. ਬ੍ਰਜੇਸ਼ ਕੁਮਾਰ ਨੇ ਕਿਹਾ ਕਿ ਕੰਪਨੀ ਦਾ ਮੁੱਖ ਉਦੇਸ਼ ਖਪਤਕਾਰਾਂ ਨੂੰ ਭਰੋਸੇਯੋਗ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਨਿਵਾਸੀ ਭਲਾਈ ਸੰਸਥਾਵਾਂ ਅਤੇ ਖਪਤਕਾਰ ਜਥੇਬੰਦੀਆਂ ਨਾਲ ਨਿਯਮਤ ਸੰਵਾਦ ਰਾਹੀਂ ਲੋਕਾਂ ਦੀਆਂ ਅਸਲ ਸਮੱਸਿਆਵਾਂ ਅਤੇ ਉਮੀਦਾਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ, ਜਿਸ ਨਾਲ ਸੇਵਾਵਾਂ ਵਿਚ ਹੋਰ ਸੁਧਾਰ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਕਰਾਫੈਡ ਦੇ ਮੈਂਬਰਾਂ ਵੱਲੋਂ ਬਿਜਲੀ ਬਿੱਲਾਂ, ਫਿਕਸਡ ਚਾਰਜਿਜ਼, ਬਿਜਲੀ ਕੁਨੈਕਸ਼ਨਾਂ ਅਤੇ ਹੋਰ ਖਪਤਕਾਰ ਸਬੰਧੀ ਮਾਮਲਿਆਂ ਬਾਰੇ ਉਠਾਏ ਗਏ ਸਵਾਲਾਂ ਦਾ ਸੀ.ਪੀ.ਡੀ.ਐਲ ਅਧਿਕਾਰੀਆਂ ਨੇ ਵਿਸਥਾਰਪੂਰਵਕ ਜਵਾਬ ਦਿੱਤਾ। ਅਧਿਕਾਰੀਆਂ ਨੇ ਖਪਤਕਾਰਾਂ ਨੂੰ ਆਪਣੀ ਮੌਜੂਦਾ ਬਿਜਲੀ ਲੋੜ ਦਾ ਮੁਲਾਂਕਣ ਕਰਨ ਅਤੇ ਲੋੜ ਪੈਣ ’ਤੇ ਮਨਜ਼ੂਰਸ਼ੁਦਾ ਲੋਡ ਵਧਾਉਣ ਲਈ ਅਰਜ਼ੀ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸਮੇਂ-ਸਿਰ ਲੋਡ ਅੱਪਡੇਟ ਕਰਵਾਉਣ ਨਾਲ ਬਿਜਲੀ ਸਪਲਾਈ ਹੋਰ ਸੁਰੱਖਿਅਤ ਅਤੇ ਭਰੋਸੇਯੋਗ ਬਣਦੀ ਹੈ। ਇਸ ਨਾਲ ਬਿਜਲੀ ਵੰਡ ਪ੍ਰਣਾਲੀ ਦੀ ਯੋਜਨਾਬੰਦੀ ਨੂੰ ਵੀ ਮਜ਼ਬੂਤੀ ਮਿਲਦੀ ਹੈ ਅਤੇ ਸ਼ਹਿਰ ਦੀਆਂ ਵਧਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਇਤਾ ਮਿਲਦੀ ਹੈ। ਕਰਾਫੈਡ ਦੇ ਮੈਂਬਰਾਂ ਨੇ ਵੀ ਬਿਜਲੀ ਵੰਡ ਨੈੱਟਵਰਕ ਨੂੰ ਮਜ਼ਬੂਤ ਬਣਾਉਣ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਖਪਤਕਾਰ ਸੇਵਾਵਾਂ ਵਿਚ ਸੁਧਾਰ ਲਈ ਸੀ.ਪੀ.ਡੀ.ਐਲ ਵੱਲੋਂ ਕੀਤੀਆਂ ਪਹਿਲਕਦਮੀਆਂ ਦੀ ਸਰਾਹਨਾ ਕੀਤੀ। ਮੀਟਿੰਗ ਦੇ ਅੰਤ ਵਿਚ ਦੋਵਾਂ ਧਿਰਾਂ ਨੇ ਭਵਿੱਖ ਵਿਚ ਵੀ ਨਿਯਮਤ ਸੰਵਾਦ ਅਤੇ ਆਪਸੀ ਤਾਲਮੇਲ ਬਣਾਈ ਰੱਖਣ ’ਤੇ ਸਹਿਮਤੀ ਪ੍ਰਗਟਾਈ ਤਾਂ ਜੋ ਚੰਡੀਗੜ੍ਹ ਵਾਸੀਆਂ ਨੂੰ ਹੋਰ ਬਿਹਤਰ, ਪਾਰਦਰਸ਼ੀ ਅਤੇ ਖਪਤਕਾਰ-ਪੱਖੀ ਬਿਜਲੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।