21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

91 ਸਾਲਾ ਬਜ਼ੁਰਗ ਦੇ ਘਰ ‘ਚੋਂ ਚੋਰੀ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ

ਅਜੀਤ ਡੈਸਕ 24-06-2026
ਪੰਚਕੂਲਾ, 23 ਜੂਨ (ਕਪਿਲ)-ਪੰਚਕੂਲਾ ਪੁਲਿਸ ਨੇ ਇਕ 91 ਸਾਲਾ ਬਜ਼ੁਰਗ ਮਹਿਲਾ ਦੇ ਘਰ ‘ਚੋਂ ਗਹਿਣੇ ਚੋਰੀ ਕਰਨ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਘਰ ‘ਚ ਖਾਣਾ ਬਣਾਉਣ ਵਾਲੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ‘ਚੋਂ ਕਰੀਬ 40 ਲੱਖ ਰੁ. ਦੇ ਮੁੱਲ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਵੀ ਬਰਾਮਦ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਕ੍ਰਾਈਮ ਅਰਵਿੰਦ ਕੰਬੋਜ ਨੇ ਦੱਸਿਆ ਕਿ 13 ਜੂਨ ਨੂੰ ਚੰਡੀਗੜ੍ਹ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ 91 ਸਾਲਾ ਸੱਸ, ਜੋ ਕਿ ਮਨਸਾ ਦੇਵੀ ਖੇਤਰ ‘ਚ ਰਹਿੰਦੀ ਹੈ, ਦੇ ਘਰ ‘ਚ ਕੰਮ ਕਰਨ ਵਾਲੀ ਮਹਿਲਾ ਨੇ ਸੋਨੇ ਦੇ ਅਤੇ ਹੀਰੇ ਜੜੇ ਕੀਮਤੀ ਗਹਿਣੇ ਚੋਰੀ ਕਰ ਲਏ ਹਨ। ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਥਾਣਾ ਮਨਸਾ ਦੇਵੀ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਡਿਟੈਕਟਿਵ ਸਟਾਫ਼ ਦੇ ਇੰਚਾਰਜ ਤੇਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ, ਜਿਸ ਦੌਰਾਨ ਘਰ ‘ਚ ਖਾਣਾ ਬਣਾਉਣ ਵਾਲੀ ਮਹਿਲਾ ‘ਤੇ ਸ਼ੱਕ ਹੋਣ ‘ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਚੋਰੀ ਕਰਨਾ ਕਬੂਲ ਕਰ ਲਿਆ। ਪੁਲਿਸ ਨੇ ਮਨੀਮਾਜਰਾ ਦੀ ਰਹਿਣ ਵਾਲੀ 33 ਸਾਲਾ ਹੀਨਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਉਸ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਦੇ ਆਧਾਰ ‘ਤੇ ਪੁਲਿਸ ਨੇ ਚੋਰੀ ਕੀਤੇ ਕਰੀਬ 40 ਲੱਖ ਰੁ. ਮੁੱਲ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਬਰਾਮਦ ਕਰ ਲਏ। ਅੱਜ ਪਿਛਲਾ ਰਿਮਾਂਡ ਖ਼ਤਮ ਹੋਣ ਉਪਰੰਤ ਮੁਲਜ਼ਮ ਮਹਿਲਾ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰੇਲੂ ਨੌਕਰ ਰੱਖਣ ਤੋਂ ਪਹਿਲਾਂ ਉਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਪਿਛਲੀ ਖ਼ਬਰ ਐਸ.ਡੀ. ਕਾਲਜ ਦੀ ਦਸਤਾਵੇਜ਼ੀ ਫ਼ਿਲਮ ‘ਨਿਰਮਲਾ’ ਨੇ 13ਵੇਂ ਦਾਦਾ ਸਾਹਿਬ ਫਾਲਕੇ ਫ਼ਿਲਮ ਫ਼ੈਸਟੀਵਲ ’ਚ ਤੀਜਾ ਪੁਰਸਕਾਰ ਜਿੱਤਿਆਂ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਦੇ ਇਕ ਵਫ਼ਦ ਨੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਨਾਲ ਮੰਗਾਂ ਸੰਬੰਧੀ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।