22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪਿੰਡ ਭਾਂਖਰਪੁਰ ਵਿਖੇ ਹਾਈਵੇਅ ’ਤੇ ਵਾਪਰਿਆ ਭਿਆਨਕ ਹਾਦਸਾ

ਅਜੀਤ ਡੈਸਕ 24-06-2026
ਡੇਰਾਬੱਸੀ, 23 ਜੂਨ (ਰਣਬੀਰ ਸਿੰਘ ਪੜ੍ਹੀ)-ਪਿੰਡ ਭਾਂਖਰਪੁਰ ਨੇੜੇ ਰਾਤ ਕਰੀਬ 10 ਵਜੇ ਵਾਪਰ ਇਕ ਸੜਕੀ ਹਾਦਸੇ ਦੌਰਾਨ ਇਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨਵ-ਵਿਆਹੇ ਜੋੜੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ ਅਤੇ ਉਸ ‘ਤੇ ਸਵਾਰ ਮਹਿਲਾ ਸੜਕ ‘ਤੇ ਜਾ ਡਿੱਗੀ, ਜਿਸ ਤੋਂ ਬਾਅਦ ਬੇਕਾਬੂ ਟਰੱਕ ਉਸ ਦੀਆਂ ਲੱਤਾਂ ਨੂੰ ਕੁਚਲਦਾ ਹੋਇਆ ਅੱਗੇ ਲੰਘ ਗਿਆ। ਇਸ ਹਾਦਸੇ ‘ਚ ਉਸ ਦਾ ਪਤੀ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਟਰੱਕ ਚਾਲਕ ਆਪਣੇ ਵਾਹਨ ਨੂੰ ਮੌਕੇ ‘ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਜ਼ਖ਼ਮੀ ਮਹਿਲਾ ਦੀ ਪਛਾਣ ਔਸ਼ਾਲੀ ਪਤਨੀ ਅੰਕੁਸ਼ ਵਾਸੀ ਸੁੰਦਰ ਕਾਲੋਨੀ ਪਿੰਡ ਭਾਂਖਰਪੁਰ (ਡੇਰਾਬੱਸੀ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਜੋੜੇ ਦਾ ਥੋੜ੍ਹਾ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਹਾਦਸੇ ਤੋਂ ਤੁਰੰਤ ਬਾਅਦ ਇਕੱਤਰ ਹੋਏ ਪਿੰਡ ਵਾਸੀਆਂ ਨੇ ਗੰਭੀਰ ਰੂਪ ‘ਚ ਜ਼ਖਮੀ ਹੋਏ ਜੋੜੇ ਨੂੰ ਤੁਰੰਤ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ। ਪਿੰਡ ਵਾਸੀਆਂ ਵਲੋਂ ਹਾਦਸੇ ਸੰਬੰਧੀ ਸੂਚਨਾ ਦੇਣ ਤੋਂ ਬਾਅਦ ਪੁਲਿਸ ਦੀ ਪੈਟਰੋਲਿੰਗ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਹਾਦਸਾਗ੍ਰਸਤ ਟਰੱਕ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਮੁਤਾਬਿਕ ਫ਼ਿਲਹਾਲ ਦੋਵੇਂ ਜ਼ਖ਼ਮੀ ਬਿਆਨ ਦੇਣ ਦੀ ਹਾਲਤ ‘ਚ ਨਹੀਂ ਹਨ ਅਤੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਫਿੱਟ ਐਲਾਨੇ ਜਾਣ ਤੋਂ ਬਾਅਦ ਹੀ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
3 ਸਾਲਾਂ ਤੋਂ ਲਟਕ ਰਹੇ ਪ੍ਰਾਜੈਕਟ ਕਾਰਨ ਲੋਕਾਂ ‘ਚ ਪਾਇਆ ਜਾ ਰਿਹੈ ਭਾਰੀ ਰੋਸ : ਇਸ ਖ਼ੂਨੀ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ‘ਚ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਪਿੰਡ ਭਾਂਖਰਪੁਰ ਵਿਖੇ ਚੱਲ ਰਹੇ ਫਲਾਈਓਵਰ ਦੇ ਨਿਰਮਾਣ ਕਾਰਜਾਂ ‘ਚ ਵਰਤੀ ਜਾ ਰਹੀ ਢਿੱਲ-ਮੱਠ ਕਾਰਨ ਇਹ ਜਗ੍ਹਾ ਮੌਤ ਦਾ ਖੂਹ ਬਣ ਚੁੱਕੀ ਹੈ। ਸਥਾਨਕ ਵਸਨੀਕਾਂ ਮੁਤਾਬਿਕ ਇਹ ਪ੍ਰਾਜੈਕਟ ਨਵੰਬਰ 2023 ‘ਚ ਸ਼ੁਰੂ ਹੋਇਆ ਸੀ। ਇਕ ਛੋਟੇ ਜਿਹੇ ਫਲਾਈਓਵਰ ਦੇ ਨਿਰਮਾਣ ਨੂੰ ਲੈ ਕੇ ਕਰੀਬ ਤਿੰਨ ਸਾਲਾਂ ਦਾ ਸਮਾਂ ਹੋਣ ਵਾਲਾ ਹੈ, ਪਰ ਇਹ ਕੰਮ ਅਜੇ ਵੀ ਵਿਚਕਾਰ ਹੀ ਲਟਕ ਰਿਹਾ ਹੈ। ਹੁਣ ਨੇੜਲੇ ਸਮੇਂ ‘ਚ ਬਰਸਾਤ ਦਾ ਮੌਸਮ ਆਉਣ ਵਾਲਾ ਹੈ। ਲੋਕਾਂ ਨੂੰ ਡਰ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੀਂਹ ਦੇ ਬਹਾਨੇ ਇਹ ਪ੍ਰਾਜੈਕਟ ਹੋਰ ਲੰਮਾ ਲਟਕ ਜਾਵੇਗਾ ਅਤੇ ਸੜਕਾਂ ਦੀ ਹਾਲਤ ਬਦ ਤੋਂ ਬੱਦਤਰ ਹੋ ਜਾਵੇਗੀ। ਲੋਕਾਂ ‘ਚ ਇਸ ਪ੍ਰਾਜੈਕਟ ਦੀ ਧੀਮੀ ਰਫ਼ਤਾਰ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਤਿੱਖੇ ਸਵਾਲ ਕਰਦਿਆਂ ਕਿਹਾ ਕਿ ਕੀੜੀ ਦੀ ਰਫ਼ਤਾਰ ਨਾਲ ਚੱਲ ਰਹੇ ਇਸ ਪ੍ਰਾਜੈਕਟ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਇਸ ਦੌਰਾਨ ਅਜਾਈ ਜਾਣ ਵਾਲੀਆਂ ਕੀਮਤੀ ਜਾਨਾਂ ਦਾ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਪ੍ਰਸ਼ਨ ਕਰਦਿਆਂ ਕਿਹਾ ਕਿ ਕੀ ਪ੍ਰਸ਼ਾਸਨ ਕਿਸੇ ਹੋਰ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ।
ਐੱਨ.ਐੱਚ.ਏ.ਆਈ. ਦੇ ਪ੍ਰਾਜੈਕਟ ਡਾਇਰੈਕਟਰ ਦਾ ਪੱਖ : ਦੂਜੇ ਪਾਸੇ ਐਨ. ਐਚ. ਏ. ਆਈ. ਦੇ ਪ੍ਰਾਜੈਕਟ ਡਾਇਰੈਕਟਰ ਅਸੀਮ ਬੰਸਲ ਨੇ ਦੇਰੀ ਦਾ ਕਾਰਨ ਦੱਸਦਿਆਂ ਕਿਹਾ ਕਿ ਇਥੇ ਵੱਡੇ ਪੱਧਰ ‘ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਨਿਰਮਾਣ ਕਾਰਜਾਂ ‘ਚ ਕਾਫ਼ੀ ਸਮਾਂ ਲੱਗ ਰਿਹਾ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਕ ਲਾਂਘਾ ਦੇਣ ਕਾਰਨ ਪ੍ਰਾਜੈਕਟ ‘ਚ ਹੋਰ ਦੇਰੀ ਹੋਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਦੀ ਆਖਰੀ ਮਿਆਦ ਸਤੰਬਰ ਮਹੀਨਾ ਤੈਅ ਕੀਤੀ ਗਈ ਹੈ।
ਪਿਛਲੀ ਖ਼ਬਰ ਚੰਡੀਗੜ੍ਹ ’ਚ ਬੁਢਾਪਾ ਪੈਨਸ਼ਨ 2 ਹਜ਼ਾਰ ਰੁਪਏ ਕਰਨ ਦੀ ਸਿਫ਼ਾਰਸ਼, ਪੇਂਡੂ ਖੇਤਰਾਂ ’ਚ ਸ਼ਾਮ ਦੀਆਂ ਓ.ਪੀ.ਡੀਜ਼ ਨੂੰ ਤਰਜੀਹ ਦੇਣ... ਅਗਲੀ ਖ਼ਬਰ ਐਸ.ਡੀ. ਕਾਲਜ ਦੀ ਦਸਤਾਵੇਜ਼ੀ ਫ਼ਿਲਮ ‘ਨਿਰਮਲਾ’ ਨੇ 13ਵੇਂ ਦਾਦਾ ਸਾਹਿਬ ਫਾਲਕੇ ਫ਼ਿਲਮ ਫ਼ੈਸਟੀਵਲ ’ਚ ਤੀਜਾ ਪੁਰਸਕਾਰ ਜਿੱਤਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।