ਲਾਲੜੂ, 31 ਜੁਲਾਈ (ਰਾਜਬੀਰ ਸਿੰਘ)-ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਲਾਲੜੂ ਖੇਡ ਸਟੇਡੀਅਮ ‘ਚ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਸਟੇਡੀਅਮ ‘ਚ ਘਾਹ ਦੀ ਸਫ਼ਾਈ ਕਰਵਾਉਣ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਅਤੇ ਸੁੰਦਰਤਾ ਲਈ ਕਈ ਬੂਟੇ ਵੀ ਲਗਾਏ ਗਏ। ਇਸ ਤੋਂ ਇਲਾਵਾ ਬੱਚਿਆਂ ਦੀ ਦੌੜ ਲਈ ਟਰੈਕ ਦੀ ਸਫ਼ਾਈ ਅਤੇ ਸੁਧਾਰ ਕਰਵਾਇਆ ਗਿਆ ਤਾਂ ਜੋ ਸਟੇਡੀਅਮ ਹੋਰ ਵਧੀਆ ਢੰਗ ਨਾਲ ਵਰਤਣਯੋਗ ਬਣ ਸਕੇ। ਸਾਬਕਾ ਸਿਵਲ ਸਰਜਨ ਅਤੇ ਸ਼ੈਲਟਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਇਹ ਕੰਮ ਲਾਲੜੂ ਦੇ ਬੱਚਿਆਂ ਦੀ ਮੰਗ ਅਤੇ ਲੋਕ ਹਿੱਤ ਨੂੰ ਧਿਆਨ ‘ਚ ਰੱਖਦਿਆਂ ਕੀਤਾ ਗਿਆ ਹੈ। ਇਸ ਮੌਕੇ ਟਰੱਸਟ ਦੇ ਸਮੁੱਚੇ ਅਹੁਦੇਦਾਰਾਂ ਨੇ ਸਥਾਨਕ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਲਾਲੜੂ ਖੇਤਰ ਦੀ ਸ਼ਾਨ ਇਸ ਖੇਡ ਸਟੇਡੀਅਮ ਦੀ ਨਿਯਮਿਤ ਦੇਖਭਾਲ ਲਈ ਘੱਟੋ-ਘੱਟ ਦੋ ਮਾਲੀਆਂ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਇਸ ਦੀ ਹਰਿਆਵਲੀ ਅਤੇ ਸਫ਼ਾਈ ਨੂੰ ਲਗਾਤਾਰ ਕਾਇਮ ਰੱਖਿਆ ਜਾ ਸਕੇ। ਇਸ ਮੌਕੇ ਸ਼ੈਲਟਰ ਚੈਰੀਟੇਬਲ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ, ਜਨਰਲ ਸਕੱਤਰ ਰਾਜਬੀਰ ਸਿੰਘ ਰਾਣਾ, ਖ਼ਜ਼ਾਨਚੀ ਰਘੁਬੀਰ ਜੁਨੇਜਾ, ਪ੍ਰੈੱਸ ਸਕੱਤਰ ਸਤੀਸ਼ ਰਾਣਾ, ਕਾਮਰੇਡ ਚੰਦਰਪਾਲ ਲਾਲੜੂ, ਜੱਗੀ ਤੁਸ਼ਾਰ, ਮਨੋਜ ਮਹਿਤਾ ਤੇ ਅਮਨ ਕੁਮਾਰ ਆਦਿ ਵੀ ਹਾਜ਼ਰ ਸਨ।