ਲਾਲੜੂ, 31 ਜੁਲਾਈ (ਰਾਜਬੀਰ ਸਿੰਘ)-ਲਾਲੜੂ ਪੁਲਿਸ ਨੇ ਡੈਹਰ ਰੋਡ ਵਿਖੇ ਕਾਰਵਾਈ ਕਰਦਿਆਂ ਬਿਨਾਂ ਲਾਇਸੰਸ ਸਟੋਰ ਕਰਕੇ ਵੇਚੇ ਜਾ ਰਹੇ ਪਟਾਕਿਆਂ ਦਾ ਕਥਿਤ ਤੌਰ ‘ਤੇ ਜਖੀਰਾ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਦਕਿ ਇਕ ਵਿਅਕਤੀ ਫ਼ਰਾਰ ਦੱਸਿਆ ਜਾ ਰਿਹਾ ਹੈ। ਥਾਣਾ ਮੁਖੀ ਲਾਲੜੂ ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਪਟਾਕਿਆਂ ਦੇ 54 ਵੱਡੇ ਅਤੇ 84 ਛੋਟੇ ਡੱਬੇ, 25 ਬੋਰੀਆਂ ਗੰਧਕ-ਪੋਟਾਸ ਅਤੇ ਪਟਾਕੇ ਤਿਆਰ ਕਰਨ ‘ਚ ਵਰਤੀ ਜਾਣ ਵਾਲੀ ਹੋਰ ਸਮੱਗਰੀ ਬਰਾਮਦ ਕੀਤੀ ਹੈ। ਜਾਂਚ ਦੌਰਾਨ ਅਕਸ਼ੈ ਅਤੇ ਅਕਸ਼ਿਤ ਪਟਾਕੇ ਸਟੋਰ ਕਰਨ ਜਾਂ ਤਿਆਰ ਕਰਨ ਸੰਬੰਧੀ ਕੋਈ ਢੁਕਵਾਂ ਲਾਇਸੰਸ ਪੇਸ਼ ਨਹੀਂ ਕਰ ਸਕੇ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀ ਧਾਰਾ 288 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ‘ਚ ਨਾਮਜ਼ਦ ਤੀਜਾ ਵਿਅਕਤੀ ਹਾਲੇ ਫ਼ਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸੰਘਣੀ ਆਬਾਦੀ ਵਾਲੇ ਇਲਾਕੇ ‘ਚ ਬਿਨਾਂ ਲਾਇਸੰਸ ਵੱਡੀ ਮਾਤਰਾ ‘ਚ ਪਟਾਕਿਆਂ ਅਤੇ ਵਿਸਫੋਟਕ ਸਮੱਗਰੀ ਦਾ ਭੰਡਾਰ ਲੋਕਾਂ ਦੇ ਜਾਨ-ਮਾਲ ਲਈ ਗੰਭੀਰ ਖਤਰਾ ਬਣ ਸਕਦਾ ਸੀ। ਪੁਲਿਸ ਵਲੋਂ ਕਾਬੂ ਦੋਵਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।