ਐੱਸ. ਏ. ਐੱਸ. ਨਗਰ, 21 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਨਿਊ ਚੰਡੀਗੜ੍ਹ ਵਿਖੇ ਖੇਡੇ ਗਏ ਰਣਜੀ ਟਰਾਫ਼ੀ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਛਤੀਸਗੜ੍ਹ ਦੀ ਟੀਮ ਨੂੰ ਹਰਾ ਕੇ 6 ਅੰਕ ਆਪਣੇ ਨਾਂਅ ਕਰ ਲਏ ਹਨ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਅਤੇ ਪਹਿਲੀ ਪਾਰੀ ਵਿਚ 456 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਸੀ। ਪੰਜਾਬ ਦੀ ਟੀਮ ਦੇ ਕਪਤਾਨ ਉਦੇ ਸਹਾਰਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 299 ਗੇਂਦਾਂ ਵਿਚ 161 ਦੌੜਾਂ ਦੀ ਬੇਹੱਦ ਮਹੱਤਵਪੂਰਨ ਪਾਰੀ ਖੇਡੀ, ਜਿਸ ਵਿਚ 15 ਚੌਕੇ ਸ਼ਾਮਿਲ ਸਨ । ਇਸ ਤੋਂ ਬਾਅਦ ਸ਼ਲੀਲ ਅਰੋੜਾ ਨੇ ਸ਼ਾਨਦਾਰ ਸੈਂਕੜਾ ਲਗਾਉਂਦਿਆਂ 107 ਦੌੜਾਂ ਬਣਾਈਆਂ। ਸ਼ਲੀਲ ਨੇ ਆਪਣੀ ਪਾਰੀ ਦੌਰਾਨ 10 ਚੌਕੇ ਜੜ੍ਹੇ। ਇਸ ਤੋਂ ਬਾਅਦ ਛਤੀਸਗੜ੍ਹ ਦੀ ਪਹਿਲੀ ਪਾਰੀ ਦੌਰਾਨ ਪੰਜਾਬ ਦੇ ਗੇਂਦਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਹਰਪ੍ਰੀਤ ਬਰਾੜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 7 ਵਿਕਟਾਂ, ਜਦਕਿ ਹਰਿਜਸ ਟੰਡਨ ਨੇ 3 ਵਿਕਟਾਂ ਝਟਕਾਈਆਂ। ਪੰਜਾਬ ਦੀ ਘਾਤਕ ਗੇਂਦਬਾਜ਼ੀ ਦੇ ਚਲਦਿਆਂ ਛਤੀਸਗੜ੍ਹ ਦੀ ਟੀਮ ਆਪਣੀ ਪਹਿਲੀ ਪਾਰੀ ਵਿਚ ਸਿਰਫ਼ 206 ਦੌੜਾਂ ਹੀ ਬਣਾ ਸਕੀ। ਪਹਿਲੀ ਪਾਰੀ ਵਿਚ ਵੱਡੀ ਬੜ੍ਹਤ ਹਾਸਿਲ ਕਰਨ ਤੋਂ ਬਾਅਦ ਪੰਜਾਬ ਨੇ ਛਤੀਸਗੜ੍ਹ ਨੂੰ ਫਾਲੋਆਨ ਕਰਵਾਇਆ। ਦੂਜੀ ਪਾਰੀ ਵਿਚ ਛਤੀਸਗੜ੍ਹ ਨੇ ਬਿਹਤਰ ਸ਼ੁਰੂਆਤ ਕੀਤੀ ਅਤੇ ਆਯੂਸ਼ ਪਾਂਡੇ ਨੇ ਸ਼ਾਨਦਾਰ 111 ਦੌੜਾਂ ਬਣਾਈਆਂ। ਉਸ ਨੂੰ ਅਮਨਦੀਪ ਖਰੇ ਦਾ ਸਾਥ ਮਿਲਿਆ, ਜਿਨ੍ਹਾਂ ਨੇ 62 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਪੰਜਾਬ ਦੇ ਗੇਂਦਬਾਜ਼ਾਂ ਨੇ ਇਕ ਵਾਰ ਫਿਰ ਸ਼ਾਨਦਾਰ ਵਾਪਸੀ ਕਰਦਿਆਂ ਛਤੀਸਗੜ੍ਹ ਦੀ ਦੂਜੀ ਪਾਰੀ ਨੂੰ 335 ਦੌੜਾਂ ‘ਤੇ ਹੀ ਸਮੇਟ ਦਿੱਤਾ। ਹਰਿਜਸ ਟੰਡਨ ਅਤੇ ਇਮਾਨਜੋਤ ਚਹੇਲ ਨੇ 3-3 ਵਿਕਟਾਂ ਹਾਸਿਲ ਕਰਕੇ ਪੰਜਾਬ ਨੂੰ ਜਿੱਤ ਦੇ ਹੋਰ ਨੇੜੇ ਪਹੁੰਚਾਇਆ। ਪੰਜਾਬ ਨੂੰ ਜਿੱਤ ਲਈ 86 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਟੀਮ ਨੇ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ। ਕਪਤਾਨ ਉਦੇ ਸਹਾਰਨ ਨੇ ਦੂਜੀ ਪਾਰੀ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਿਆਂ 40 ਦੌੜਾਂ ਦੀ ਨਾਬਾਦ ਪਾਰੀ ਖੇਡੀ। ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਪੂਰੇ ਮੈਚ ਵਿਚ ਮਹੱਤਵਪੂਰਨ ਯੋਗਦਾਨ ਲਈ ਉਦੇ ਸਹਾਰਨ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਇਸ ਜਿੱਤ ਨਾਲ ਪੰਜਾਬ ਨੇ ਮੁਕਾਬਲੇ ਦੇ 6 ਅੰਕ ਆਪਣੇ ਨਾਂਅ ਕੀਤੇ। ਇਸ ਤੋਂ ਪਹਿਲਾਂ ਖੇਡੇ ਗਏ ਮੁਕਾਬਲੇ ਵਿਚ ਵੀ ਪੰਜਾਬ ਨੇ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ‘ਤੇ 3 ਅੰਕ ਹਾਸਿਲ ਕੀਤੇ ਸਨ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਸਮੁੱਚੀ ਮੈਨੇਜਮੈਂਟ ਨੇ ਪੰਜਾਬ ਦੀ ਟੀਮ ਨੂੰ ਛਤੀਸਗੜ੍ਹ ਖ਼ਿਲਾਫ਼ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਇਸ ਮੌਕੇ ਮੀਤ ਹੇਅਰ ਨੇ ਕਪਤਾਨ ਉਦੇ ਸਹਾਰਨ ਦੀ ਸ਼ਾਨਦਾਰ ਬੱਲੇਬਾਜ਼ੀ, ਗੇਂਦਬਾਜ਼ਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਅਤੇ ਪੂਰੀ ਟੀਮ ਦੀ ਇਕਜੁੱਟ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਉਨ੍ਹਾਂ ਟੀਮ ਦੇ ਕੋਚਿੰਗ ਸਟਾਫ਼ ਅਤੇ ਸਿਲੈਕਟਰ ਦੀ ਮਿਹਨਤ ਦੀ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬ ਦੀ ਟੀਮ ਦਾ ਲਗਾਤਾਰ ਚੰਗਾ ਪ੍ਰਦਰਸ਼ਨ ਬਹੁਤ ਉਤਸ਼ਾਹਜਨਕ ਹੈ।