22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

4 ਤੇ 5 ਨਵੰਬਰ ਨੂੰ ਮੁਹਾਲੀ ’ ਚ ਹੋਣਗੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ

ਐੱਸ. ਏ.

ਮੁਹਾਲੀ ਵਿਖੇ ਸੱਦੇ ਗਏ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਮੇਅਰ ਸਰਬਜੀਤ ਸਿੰਘ ਸਮਾਣਾ ਤੇ ਹੋਰ। ਅਜੀਤ ਤਸਵੀਰ 22-10-2026
ਐੱਸ. ਏ. ਐੱਸ. ਨਗਰ, 21 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਮੁਹਾਲੀ ਵਿਖੇ ਸੱਦੇ ਗਏ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਵਲੋਂ ਪਹਿਲੀ ਵਾਰ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ ਦੀ ਮੇਜ਼ਬਾਨੀ ਕਰਨਾ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਜੀ ਯਤਨਾਂ ਸਦਕਾ ਹੀ ਪੰਜਾਬ ਨੂੰ ਇਸ ਨਾਮਵਰ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਦਾ ਇਤਿਹਾਸਕ ਮੌਕਾ ਮਿਲਿਆ ਹੈ। ਇਸ ਨਾਲ ਰਾਜ ‘ਚ ਹਾਕੀ ਸਮੇਤ ਹੋਰ ਖੇਡਾਂ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਆਕਰਸ਼ਿਤ ਹੋਣ ਦੀ ਪ੍ਰੇਰਨਾ ਮਿਲੇਗੀ। ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਦੇ ਲੀਗ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਵਿਖੇ ਖੇਡੇ ਜਾਣਗੇ, ਜਦਕਿ 4 ਅਤੇ 5 ਨਵੰਬਰ ਨੂੰ ਮੁਹਾਲੀ ਵਿਖੇ ਸੈਮੀਫਾਈਨਲ, ਫਾਈਨਲ ਅਤੇ ਤੀਜੇ ਸਥਾਨ ਲਈ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ‘ਚ ਭਾਰਤ, ਬੰਗਲਾਦੇਸ਼, ਜਪਾਨ, ਚੀਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਨਾਲ ਪੰਜਾਬ ਦਾ ਨਾਂਅ ਕੌਮਾਂਤਰੀ ਖੇਡ ਨਕਸ਼ੇ ‘ਤੇ ਹੋਰ ਮਜ਼ਬੂਤੀ ਨਾਲ ਉੱਭਰੇਗਾ। ਉਨ੍ਹਾਂ ਦੱਸਿਆ ਕਿ ਖੇਡ ਸਟੇਡੀਅਮਾਂ ਨੂੰ ਕੌਮਾਂਤਰੀ ਮਿਆਰਾਂ ਅਨੁਸਾਰ ਤਿਆਰ ਕਰਨ ਲਈ ਸਰਕਾਰ ਵਲੋਂ ਲਗਭਗ 25 ਕਰੋੜ ਰੁ. ਦਾ ਬਜਟ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਹੁਣ ਤੱਕ ਲਗਪਗ 40 ਹਜ਼ਾਰ ਖਿਡਾਰੀਆਂ ਨੂੰ 135 ਕਰੋੜ ਰੁ. ਦੇ ਕਰੀਬ ਨਕਦ ਇਨਾਮੀ ਰਾਸ਼ੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ‘ਚ ਨਵੇਂ ਸਟੇਡੀਅਮ ਬਣਾਏ ਜਾ ਰਹੇ ਹਨ ਅਤੇ ਇਕੱਲੇ ਮੁਹਾਲੀ ਜ਼ਿਲ੍ਹੇ ‘ਚ ਲਗਪਗ 32 ਸਟੇਡੀਅਮਾਂ ਦੇ ਨਿਰਮਾਣ ਕਾਰਜ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਲਈ ਚੈਂਪੀਅਨਸ਼ਿਪ ਦੇ ਮੈਚਾਂ ਦੌਰਾਨ ਸਟੇਡੀਅਮਾਂ ‘ਚ ਐਂਟਰੀ ਬਿਲਕੁੱਲ ਮੁਫ਼ਤ ਰੱਖੀ ਗਈ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ‘ਚ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ।
ਪਿਛਲੀ ਖ਼ਬਰ ਮੁਹਾਲੀ ਦੇ ਮਾਸਟਰ ਪਲਾਨ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਬੇਦੀ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਸੈਕਟਰ-79 ਮੁਹਾਲੀ ਵਿਖੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।