11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਅਨਾਜ ਮੰਡੀ ਖਰੜ ਵਿਖੇ ਝੋਨੇ ਦੀ ਖ਼ਰੀਦ ਨਾ ਹੋਣ ਤੋਂ ਖ਼ਫ਼ਾ ਕਿਸਾਨਾਂ ਤੇ ਆੜ੍ਹਤੀਆਂ ਨੇ ਐੱਸ. ਡੀ. ਐੱਮ. ਦਫ਼ਤਰ ਅੱਗੇ ਲਗਾਇਆ ਧਰਨਾ

ਖਰੜ, 10 ਨਵੰਬਰ (ਮਾਨ/ਜੰਡਪੁਰੀ)-ਅਨਾਜ ਮੰਡੀ ਖਰੜ ਵਿਖੇ ਬੀਤੀ 5-6 ਨਵੰਬਰ ਤੋਂ ਬਾਅਦ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕੀਤੇ ਜਾਣ ਤੋਂ ਖ਼ਫ਼ਾ ਹੋਏ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਭਾਰਤੀ ਕਿਸਾਨ ਯੂਨੀਅਨਾਂ ਦੀ ਅਗਵਾਈ ਵਿਚ ਸਥਾਨਕ ਐਸ. ਡੀ.

ਅਜੀਤ ਡੈਸਕ 11-11-2026
ਖਰੜ, 10 ਨਵੰਬਰ (ਮਾਨ/ਜੰਡਪੁਰੀ)-ਅਨਾਜ ਮੰਡੀ ਖਰੜ ਵਿਖੇ ਬੀਤੀ 5-6 ਨਵੰਬਰ ਤੋਂ ਬਾਅਦ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕੀਤੇ ਜਾਣ ਤੋਂ ਖ਼ਫ਼ਾ ਹੋਏ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਭਾਰਤੀ ਕਿਸਾਨ ਯੂਨੀਅਨਾਂ ਦੀ ਅਗਵਾਈ ਵਿਚ ਸਥਾਨਕ ਐਸ. ਡੀ. ਐਮ. ਦਫ਼ਤਰ ਅੱਗੇ ਧਰਨਾ ਲਗਾ ਕੇ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਕਿਸਾਨ ਆਗੂ ਮੇਹਰ ਸਿੰਘ ਥੇੜ੍ਹੀ, ਜਸਪਾਲ ਸਿੰਘ ਨਿਆਮੀਆਂ, ਹਰੀਬਚਨ ਲਾਲ ਤੇ ਗੁਰਨਾਮ ਸਿੰਘ ਦਾਊਂ ਸਮੇਤ ਹੋਰਨਾਂ ਆਗੂਆਂ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ ਤੇ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਬੰਦ ਕਰਨ ਮੌਕੇ ਆੜ੍ਹਤੀਆਂ ਨੂੰ ਵੀ ਕੋਈ ਸੂਚਨਾ ਨਹੀਂ ਦਿੱਤੀ ਗਈ, ਜਦਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਖੁਰਾਕ ਤੇ ਸਪਲਾਈ ਮੰਤਰੀ ਇਹ ਬਿਆਨ ਦੇ ਰਹੇ ਹਨ ਕਿ ਸਰਕਾਰ ਕਿਸਾਨਾਂ ਦੇ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਸਰਕਾਰ ਝੋਨੇ ਦੀ ਖ਼ਰੀਦ ਕਰਨ ਤੋਂ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਅਧਿਕਾਰੀਆਂ ਵਲੋਂ ਖੇਤਰ ਦੇ ਕਿਸਾਨਾਂ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਆਪਣਾ ਝੋਨਾ ਚੰਡੀਗੜ੍ਹ ਵਿਖੇ ਜਾ ਕੇ ਵੇਚ ਦੇਣ, ਜਦਕਿ ਪਹਿਲਾਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਚੰਡੀਗੜ੍ਹ ਵਿਖੇ ਵੇਚਣ ਤੋ ਰੋਕਿਆ ਜਾਂਦਾ ਸੀ। ਧਰਨੇ ਤੋਂ ਬਾਅਦ ਐਸ. ਡੀ. ਐਮ. ਖਰੜ ਗੁਰਮੀਤ ਸਿੰਘ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਵੀ ਬੇਸਿੱਟਾ ਰਹੀ, ਜਿਸ ਤੋਂ ਬਾਅਦ ਰੋਹ ‘ਚ ਆਏ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਖਰੜ-ਚੰਡੀਗੜ੍ਹ ਹਾਈਵੇਅ ‘ਤੇ ਝੋਨੇ ਦੀਆਂ ਭਰੀਆਂ ਟਰਾਲੀਆਂ ਖੜ੍ਹੀਆਂ ਕਰਕੇ ਆਵਾਜਾਈ ਜਾਮ ਕਰ ਦਿੱਤੀ, ਜਿਸ ਕਾਰਨ ਪੁਲਿਸ ਨੂੰ ਭਾਜੜਾਂ ਪੈ ਗਈਆਂ। ਉਧਰ ਜਾਮ ਦੀ ਸੂਚਨਾ ਮਿਲਣ ‘ਤੇ ਡੀ. ਐਸ. ਪੀ. ਖਰੜ ਇਸ਼ਾਨ ਸਿੰਗਲਾ ਤੇ ਥਾਣਾ ਸਿਟੀ ਖਰੜ ਦੇ ਇੰਚਾਰਜ ਅਮਰਿੰਦਰ ਸਿੰਘ ਸਿੱਧੂ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਕਿਸਾਨਾਂ ਤੇ ਆੜ੍ਹਤੀਆਂ ਨਾਲ ਗੱਲਬਾਤ ਕਰਦਿਆਂ ਧਰਨਾ ਸਮਾਪਤ ਕਰਨ ਦੀ ਬੇਨਤੀ ਕੀਤੀ, ਪਰ ਕਿਸਾਨ ਇਸ ਗੱਲ ‘ਤੇ ਅੜੇ ਰਹੇ ਕਿ ਝੋਨੇ ਦੀ ਖ਼ਰੀਦ ਮੁੜ ਸ਼ੁਰੂ ਕਰਵਾਈ ਜਾਵੇ। ਇਸੇ ਦੌਰਾਨ ਸੰਪਰਕ ਕਰਨ ‘ਤੇ ਐਸ. ਡੀ. ਐਮ. ਖਰੜ ਗੁਰਮੀਤ ਸਿੰਘ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਉਨ੍ਹਾਂ ਦੇ ਦਫ਼ਤਰ ਅੱਗੇ ਰੋਸ ਧਰਨਾ ਲਗਾਇਆ ਗਿਆ ਸੀ। ਇਸ ਦੇ ਚਲਦਿਆਂ ਉਨ੍ਹਾਂ ਵਲੋਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਮੌਕੇ ‘ਤੇ ਸੱਦਿਆ ਗਿਆ, ਜਿਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦਾ ਟੀਚਾ 100 ਫ਼ੀਸਦੀ ਝੋਨੇ ਦੀ ਖ਼ਰੀਦ ਕਰਨਾ ਸੀ, ਜਦਕਿ ਖਰੜ ਮੰਡੀ ’ਚ 129 ਫ਼ੀਸਦੀ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੱਲਬਾਤ ਦੌਰਾਨ ਆੜ੍ਹਤੀਆਂ ਨੇ ਭਰੋਸਾ ਦਿਵਾਇਆ ਹੈ ਕਿ ਉਹ ਖ਼ੁਦ ਅੱਜ ਤੱਕ ਹੋਈ ਝੋਨੇ ਦੀ ਖ਼ਰੀਦ ਦਾ ਮਸਲਾ ਨਿਪਟਾਉਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਆੜ੍ਹਤੀ ਵਲੋਂ ਕਿਸੇ ਹੋਰ ਸੂਬੇ ਤੋਂ ਝੋਨਾ ਲਿਆ ਕੇ ਮੰਡੀ ‘ਚ ਝੋਨੇ ਦੀ ਖ਼ਰੀਦ ਹੋਈ ਦਿਖਾਈ ਗਈ ਹੈ ਅਤੇ ਜੇ ਫਾਰਮ ਜਾਰੀ ਕੀਤੇ ਗਏ ਹਨ ਤਾਂ ਉਸ ਸੰਬੰਧੀ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਉਹ ਮਾਮਲੇ ਦੀ ਪੜਤਾਲ ਕਰਕੇ ਦੋਸ਼ੀ ਪਾਏ ਜਾਣ ਵਾਲੇ ਆੜ੍ਹਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਐਸ. ਡੀ. ਐਮ. ਨੇ ਦੱਸਿਆ ਕਿ ਇਸ ਭਰੋਸੇ ਤੋਂ ਬਾਅਦ ਆੜ੍ਹਤੀਆਂ ਤੇ ਕਿਸਾਨਾਂ ਵਲੋਂ ਜਾਮ ਖੋਲ੍ਹਦੇ ਹੋਏ ਰੋਸ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਖਰੜ ਦੇ ਪ੍ਰਧਾਨ ਨਰਿੰਦਰ ਸ਼ਰਮਾ, ਅਮਨਦੀਪ ਮੋਨੂੰ, ਅਵਨੀਸ਼ ਮਿੱਤਲ, ਮਨੀਸ਼ ਸ਼ਰਮਾ, ਤੇਜਿੰਦਰ ਸਿੰਘ ਤੇਜੀ, ਕਿਸਾਨ ਆਗੂ ਅਮਰੀਕ ਸਿੰਘ ਭੋਲਾ, ਹਰਚੰਦ ਸਿੰਘ ਗੜਾਗਾਂ, ਰਣਜੀਤ ਸਿੰਘ ਬਜਹੇੜੀ , ਹਕੀਕਤ ਸਿੰਘ ਘੜੂੰਆਂ, ਦਰਸ਼ਨ ਸਿੰਘ ਦੁਰਾਲੀ, ਰਵਿੰਦਰ ਸਿੰਘ, ਸੰਜੀਵ ਰੂਬੀ, ਗੁਰਮੀਤ ਸਿੰਘ ਖੂਨੀਮਾਜਰਾ, ਅਮਨਦੀਪ ਸਿੰਘ ਮਾਨ ਤੇ ਅਮਨਦੀਪ ਸਿੰਘ ਖਰੜ ਸਮੇਤ ਖੇਤਰ ਤੇ ਵੱਡੀ ਗਿਣਤੀ ਕਿਸਾਨ ਤੇ ਆੜ੍ਹਤੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਸ਼ਵਕਰਮਾ ਦਿਵਸ ਮੌਕੇ ਡੇਰਾਬੱਸੀ ’ਚ ਧਾਰਮਿਕ ਤੇ ਸੱਭਿਆਚਾਰਕ ਸਮਾਗਮਾਂ ਦੀ ਧੂਮ ਅਗਲੀ ਖ਼ਬਰ ਸਾਬਕਾ ਮੰਤਰੀ ਕੰਗ ਵਲੋਂ ਸ਼ਿਵਾਲਿਕ ਸਿਟੀ ਦੇ ਵਸਨੀਕਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।