22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਫ਼ਾਈ ਸੇਵਕਾਂ ਨੇ ਸਰਕਾਰ ਦੀ 10 ਸਾਲਾ ਯੋਜਨਾ ਦੀਆਂ ਕਾਪੀਆਂ ਸਾੜੀਆਂ

ਅਜੀਤ ਡੈਸਕ 14-05-2026
ਭੁੱਚੋ ਮੰਡੀ, 13 ਮਈ (ਪਰਵਿੰਦਰ ਸਿੰਘ ਜੌੜਾ): ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਦੀ ਹੜਤਾਲ 'ਤੇ ਚੱਲ ਰਹੇ ਨਗਰ ਕੌਂਸਲ ਭੁੱਚੋ ਅਧੀਨ ਸਫ਼ਾਈ ਸੇਵਕ ਕਰਮਚਾਰੀਆਂ ਨੇ ਸਰਕਾਰ ਵਲੋਂ ਮੁਲਾਜ਼ਮ ਪੱਕੇ ਕਰਨ ਸੰਬੰਧੀ ਬਣਾਈ ਗਈ 10 ਸਾਲਾ ਯੋਜਨਾ ਦੀਆਂ ਕਾਪੀਆਂ ਸਾੜੀਆਂ | ਇਸ ਤੋਂ ਪਹਿਲਾਂ ਇਨ੍ਹਾਂ ਕਰਮਚਾਰੀਆਂ ਨੇ ਸਥਾਨਕ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਅਤੇ ਸੂਬਾ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ | ਦੂਜੇ ਪਾਸੇ ਪਿਛਲੇ 7 ਦਿਨਾਂ ਤੋਂ ਸਫ਼ਾਈ ਨਾ ਹੋਣ ਕਾਰਨ ਸ਼ਹਿਰ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਹੈ ਅਤੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਨੂੰ ਆਪਣੇ ਘਰਾਂ ਦਾ ਕੂੜਾ ਖ਼ੁਦ ਸਮੇਟਣ ਦੇ ਯਤਨ ਕਰਨੇ ਪੈ ਰਹੇ ਹਨ ਅਤੇ ਕਈ ਵਾਰ ਤਾਂ ਇਹ ਝਗੜੇ ਦਾ ਕਾਰਨ ਵੀ ਬਣਦੇ ਹਨ | ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਮੁਤਾਬਿਕ ਭਾਵੇਂ ਸੀਵਰਮੈਨ ਹੜਤਾਲ ਵਿਚ ਸ਼ਾਮਲ ਨਹੀਂ ਹਨ, ਪ੍ਰੰਤੂ ਸ਼ਹਿਰ ਵਿਚ ਸੀਵਰੇਜ ਓਵਰਫ਼ਲੋ ਹੋਣ ਕਰਕੇ ਲੋਕਾਂ ਨੂੰ ਵੱਡੀ ਸਮੱਸਿਆ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਗੁਰੂ ਤੇਗ ਬਹਾਦਰ ਮਾਰਕੀਟ ਵਿਚ ਕਰੀਬ 4 ਥਾਵਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋ ਕੇ ਸੜਕਾਂ 'ਤੇ ਫੈਲ ਰਿਹਾ ਹੈ, ਨਾਲ ਫੈਲ ਰਹੀ ਬਦਬੂ ਕਾਰਨ ਲੋਕਾਂ ਦਾ ਲੰਘਣਾ ਮੁਹਾਲ ਹੋਇਆ ਪਿਆ ਹੈ | ਇਸ ਸਮੱਸਿਆ ਕਾਰਨ ਦੁਕਾਨਦਾਰ ਵੀ ਡਾਹਢੇ ਪ੍ਰੇਸ਼ਾਨ ਹਨ | ਦਰਜਾ ਚਾਰ ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਪੱਪੂ ਸਿੰਘ, ਦਿਲਬਾਗ ਟਾਂਕ, ਸੰਜੀਵ ਕੁਮਾਰ, ਹਰਦੇਵ ਸਿੰਘ, ਲਾਲ ਸਿੰਘ, ਲੱਕੀ ਕੁਮਾਰ, ਧਰਮਪਾਲ, ਜਗਰੂਪ ਸਿੰਘ ਅਤੇ ਮਨੋਜ ਕੁਮਾਰ ਦਾ ਕਹਿਣਾ ਸੀ ਕਿ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੀਆਂ ਹਦਾਇਤਾਂ ਮੁਤਾਬਿਕ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਵਲੋਂ ਸਫ਼ਾਈ ਸੇਵਕ ਕਰਮਚਾਰੀਆਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ |
ਪਿਛਲੀ ਖ਼ਬਰ ਨਗਰ ਨਿਗਮ ਚੋਣਾਂ ਲਈ ਅਕਾਲੀ ਦਲ ਨੇ ਪਹਿਲ ਕਰਦਿਆਂ ਪਹਿਲੀ ਸੂਚੀ ਕੀਤੀ ਜਾਰੀ ਸੁਖਬੀਰ ਅਤੇ ਹਰਸਿਮਰਤ ਦੀ ਸਹਿਮਤੀ ਨਾਲ 44... ਅਗਲੀ ਖ਼ਬਰ ਸੀਨੀਅਰ ਅਕਾਲੀ ਆਗੂ ਪਿੰਦਰ ਸਿੱਧੂ ਅਤੇ ਰਾਜਾ ਸਿੱਧੂ ਨੂੰ ਸਦਮਾ- ਪਿਤਾ ਦੀ ਮÏਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।