ਨੂਰਪੁਰ ਬੇਦੀ, 12 ਫਰਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਦੇ ਸਿਵਲ ਪਸ਼ੂ ਹਸਪਤਾਲ 'ਚ ਉਹ ਪਲ ਬੜੇ ਭਾਵੁਕ ਕਰਨ ਵਾਲੇ ਸਨ ਜਦੋਂ ਇੱਕ ਮਾਂ ਦੇ ਸਰਕਾਰੀ ਦਫ਼ਤਰ ਵਿਚ ਉਸਦਾ ਪੁੱਤ ਅਫ਼ਸਰ ਬਣ ਕੇ ਡਿਊਟੀ 'ਤੇ ਹਾਜ਼ਰ ਹੋਇਆ | ਮਾਂ ਜਸਪ੍ਰੀਤ ਕੌਰ ਉਰਫ ਵੀਨਾ ਆਪਣੇ ਪੁੱਤ ਦੇ ਸਪਨੇ ਸਾਕਾਰ ਦੇਖ ਕੇ ਖੁਸ਼ੀ ਵਿਚ ਫੁੱਲੀ ਨਹੀ ਸਮਾ ਰਹੀ ਸੀ | ਨੂਰਪੁਰ ਬੇਦੀ ਬਲਾਕ ਦੇ ਪਿੰਡ ਸਮੀਰੋਵਾਲ ਦੇ ਡਾ. ਅਰਸ਼ਦੀਪ ਸਿੰਘ ਨੇ ਨੂਰਪੁਰ ਬੇਦੀ ਵਿਖੇ ਵੈਟਨਰੀ ਅਫ਼ਸਰ (ਪੀ.ਏ.ਐਚ.ਐਸ) ਵਜੋਂ ਅਹੁਦਾ ਸੰਭਾਲਿਆ ਹੈ | ਡਾ. ਅਰਸ਼ਦੀਪ ਸਿੰਘ ਦੀ ਮਾਤਾ ਜਸਪ੍ਰੀਤ ਕੌਰ ਉਰਫ ਵੀਨਾ ਵੀ ਇਸੀ ਹਸਪਤਾਲ ਵਿਚ ਸੇਵਾ ਨਿਭਾਅ ਰਹੇ ਹਨ | ਜਸਪ੍ਰੀਤ ਦੇ ਪੁੱਤਰ ਨੇ ਜਦੋਂ ਇਹ ਅਹੁਦਾ ਸੰਭਾਲਿਆ ਤਾਂ ਉਹ ਪਲ ਭਾਵੁਕਤਾ ਵਾਲੇ ਸਨ | ਡਾ. ਅਰਸ਼ਦੀਪ ਸਿੰਘ ਦੇ ਪਿਤਾ ਸਵ. ਕੁਲਵੰਤ ਸਿੰਘ ਵੀ ਇਸੀ ਵਿਭਾਗ ਵਿਚ ਬਤੌਰ ਵੈਟਨਰੀ ਇੰਸਪੈਕਟਰ ਤੈਨਾਤ ਸਨ | ਅਹੁਦਾ ਸੰਭਾਲਣ ਮੌਕੇ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਇਲਾਕੇ ਦੇ ਪਸ਼ੂ ਪਾਲਕਾਂ ਲਈ ਵਧੀਆਂ ਸੇਵਾਵਾਂ ਦੇਣ ਦਾ ਯਤਨ ਕਰਨਗੇ | ਇਸ ਮੌਕੇ ਨੂਰਪੁਰ ਬੇਦੀ ਦੀ ਸਰਪੰਚ ਨਿਰਮਲਾ ਦੇਵੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਸਾਬਕਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਅਨੰਤ ਰਾਮ, ਸਾ. ਕਾਨੂੰਗੋ ਤਰਸੇਮ ਸਿੰਘ, ਅਮਰਜੀਤ ਸਿੰਘ ਸਮੀਰੋਵਾਲ ਸਮੇਤ ਹੋਰਨਾਂ ਨੇ ਡਾ. ਅਰਸ਼ਦੀਪ ਸਿੰਘ ਨੂੰ ਵੈਟਨਰੀ ਅਫ਼ਸਰ ਬਣਨ ਦੀਆਂ ਵਧਾਈਆਂ ਦਿੱਤੀਆਂ |