ਸ੍ਰੀ ਅਨੰਦਪੁਰ ਸਾਹਿਬ, 12 ਫਰਵਰੀ (ਜੇ ਐਸ ਨਿੱਕੂਵਾਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿਚ ਹਰ ਵਰਗ ਦੀ ਭਲਾਈ ਲਈ ਵਿਆਪਕ ਉਪਰਾਲੇ ਕੀਤੇ ਹਨ, ਸਿਹਤ, ਸਿੱਖਿਆ, ਬਿਜਲੀ ਤੇ ਹੋਰ ਬੁਨਿਆਦੀ ਸਹੂਲਤਾਂ ਵਿਚ ਜ਼ਿਕਰਯੋਗ ਸੁਧਾਰ ਕੀਤਾ ਹੈ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਪਿੰਡ ਅਗੰਮਪੁਰ ਵਿਖੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ''ਸਾਡਾ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਪਿੰਡ ਅਗੰਮਪੁਰ ਪੰਚਾਇਤ ਘਰ ਵਿਖੇ ਬਜ਼ੁਰਗਾਂ ਦੀ ਸਿਹਤ ਸਬੰਧੀ ਡਾਕਟਰੀ ਜਾਂਚ ਕੈਂਪ ਮੌਕੇ ਇਕੱਠੇ ਹੋਏ ਸੈਂਕੜੇ ਬਜ਼ੁਰਗਾ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਮਾਹਿਰ ਡਾਕਟਰਾਂ ਦੀ ਟੀਮਾਂ ਵਲੋਂ ਓ.ਪੀ.ਡੀ., ਡਿਮੇਂਸ਼ੀਆ ਸਕ੍ਰੀਨਿੰਗ, ਐਨ.ਸੀ.ਡੀ. ਸਕ੍ਰੀਨਿੰਗ, ਕੈਂਸਰ ਸਕ੍ਰੀਨਿੰਗ, ਆਰਥੋਪੀਡਿਕ ਜਾਂਚ, ਅੱਖਾਂ ਦੀ ਜਾਂਚ, ਫਿਜ਼ੀਓਥੈਰੇਪੀ ਅਤੇ ਮਨੋਰੋਗ/ਕਲੀਨਿਕਲ ਮਨੋਵਿਗਿਆਨਕ ਮੁਲਾਂਕਣ ਸਬੰਧੀ ਜਾਂਚ ਕੀਤੀ ਗਈ | ਕੈਬਨਿਟ ਮੰਤਰੀ ਬੈਂਸ ਨੇ ਕਿਹਾ ਕਿ ਵਰਕਰਾਂ ਅਤੇ ਇਲਾਕੇ ਦੇ ਪ੍ਰਤੀਨਿਧਾਂ ਨੇ ਬਜ਼ੁਰਗਾਂ ਨੂੰ ਇਸ ਕੈਂਪ ਵਿਚ ਪਹੁੰਚਣ ਅਤੇ ਆਪਣੀ ਸਿਹਤ ਸਬੰਧੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ | ਇਸ ਮੌਕੇ ਵੱਖ ਵੱਖ ਮਾਹਰ ਡਾਕਟਰਾਂ ਵਲੋ ਬਜ਼ੁਰਗਾ ਦੀ ਸਿਹਤ ਜਾਂਚ ਕੀਤੀ ਗਈ ਮੁਫ਼ਤ ਐਨਕਾਂ ਅਤੇ ਦਵਾਈਆਂ ਵੀ ਵੰਡੀਆਂ ਗਈਆਂ | ਯੂਕੋ ਬੈਂਕ ਵਲੋ ਬਜ਼ੁਰਗਾ ਦੀ ਭਲਾਈ ਲਈ ਬੈਂਕ ਵਿਚ ਮਿਲਣ ਵਾਲਿਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਸਕੂਲ ਵਿਦਿਆਰਥੀਆ ਨੇ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ | ਇਸ ਮੌਕੇ ਡਾਕਟਰ ਸੰਜੀਵ ਗੌਤਮ ਜ਼ਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ, ਡੀ.ਐਸ.ਪੀ. ਜਸ਼ਨਦੀਪ ਸਿੰਘ, ਸੋਹਨ ਸਿੰਘ ਬੈਂਸ, ਡਾ. ਨਵਰੂਪ ਕੌਰ ਸਿਵਲ ਸਰਜਨ, ਡਾ. ਅੰਜਲੀ ਚੋਧਰੀ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਰਜਨੀਤ ਬੈਂਸ, ਅੰਮਿ੍ਤਾ ਬਾਲਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |