ਰੂਪਨਗਰ, 13 ਫਰਵਰੀ (ਸਤਨਾਮ ਸਿੰਘ ਸੱਤੀ)-ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੀ ਹੋਈ ਮੀਟਿੰਗ ਵਿਚ ਲਏ ਗਏ ਅਹਿਮ ਫੈਸਲਿਆਂ ਅਨੁਸਾਰ ਮਿਤੀ 17 ਫਰਵਰੀ ਨੂੰ ਪੰਜਾਬ ਭਰ ਵਿਚ ਡੀ. ਸੀ. ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ | ਮੀਟਿੰਗ ਉਪਰੰਤ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਰੋਪੜ ਬਲਾਕ ਪ੍ਰਧਾਨ ਜਗਰੂਪ ਸਿੰਘ ਮੀਆਂਪੁਰ ਅਤੇ ਸੀਨੀਅਰ ਮੀਤ ਪ੍ਰਧਾਨ ਜਗਮੀਤ ਸਿੰਘ ਮੁਗ਼ਲ ਮਾਜਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ 2025 ਸੋਧ ਬਿੱਲ, ਮੁਕਤ ਵਪਾਰ ਸਮਝੌਤੇ, ਸੀਡ ਬਿੱਲ ਸਮੇਤ ਹੋਰ ਨੀਤੀਆਂ ਕਿਸਾਨ ਵਿਰੋਧੀ ਹਨ | ਇਨ੍ਹਾਂ ਨੀਤੀਆਂ ਨਾਲ ਨਾ ਸਿਰਫ਼ ਖੇਤੀਬਾੜੀ ਖੇਤਰ ਨੂੰ ਨੁਕਸਾਨ ਪਹੁੰਚੇਗਾ, ਸਗੋਂ ਡੇਅਰੀ ਅਤੇ ਪੋਲਟਰੀ ਵਰਗੇ ਸਹਾਇਕ ਧੰਦੇ ਵੀ ਪ੍ਰਭਾਵਿਤ ਹੋਣਗੇ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਚੁੱਪੀ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤੀ ਦਰਸਾਉਂਦੀ ਨਜ਼ਰ ਆ ਰਹੀ ਹੈ, ਜਿਸ ਕਰਕੇ ਕਿਸਾਨ ਵਰਗ ਵਿਚ ਭਾਰੀ ਰੋਸ ਹੈ | ਇਸੇ ਦੇ ਵਿਰੋਧ ਵਿਚ 17 ਫਰਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਪ੍ਰਦਰਸ਼ਨ ਕੀਤੇ ਜਾਣਗੇ | ਉਨ੍ਹਾਂ ਅੱਗੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਵਲੋਂ ਲਗਾਤਾਰ ਸਮਰਥਨ ਦਿੱਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਮਿਤੀ 21 ਫਰਵਰੀ ਨੂੰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਹਵਾਰਾ ਕਲਾਂ, ਤਹਿਸੀਲ ਖਮਾਣੋ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵਿਸ਼ਾਲ ਪੰਥਕ ਇਕੱਠ ਕਰਵਾਇਆ ਜਾਵੇਗਾ, ਜਿਸ ਵਿਚ ਯੂਨੀਅਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ | ਕਿਸਾਨ ਆਗੂਆਂ ਨੇ ਕਿਹਾ ਕਿ ਕਈ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਵਿਚ ਬੰਦ ਹਨ ਅਤੇ ਉਨ੍ਹਾਂ ਨੂੰ ਨਾ ਰਿਹਾਈ ਮਿਲ ਰਹੀ ਹੈ ਅਤੇ ਨਾ ਹੀ ਪਰੋਲ, ਜੋ ਨਿਆਂ ਦੇ ਖ਼ਿਲਾਫ਼ ਹੈ | ਇਸ ਮਾਮਲੇ ਨੂੰ ਲੈ ਕੇ ਇਕੱਠ ਵਿਚ ਸਖ਼ਤ ਵਿਰੋਧ ਜਤਾਇਆ ਜਾਵੇਗਾ | ਇਸ ਮੌਕੇ ਕੁਲਵਿੰਦਰ ਸਿੰਘ ਪੰਜੋਲਾ, ਭੁਪਿੰਦਰ ਸਿੰਘ ਡੇਕਵਾਲਾ, ਮੇਹਰ ਸਿੰਘ ਮੀਆਂ ਪੁਰ, ਤਰਨਪ੍ਰੀਤ ਸਿੰਘ ਮੁਗ਼ਲ ਮਾਜਰੀ, ਸੁਰਮੁਖ ਸਿੰਘ ਮੀਆਂ ਪੁਰ, ਜਰਨੈਲ ਸਿੰਘ ਗੋਗੀ ਬੁਰਜ ਵਾਲਾ, ਜਸਵੀਰ ਸਿੰਘ ਭਾਗੋਮਾਜਰਾ, ਹਰਜੀਤ ਸਿੰਘ ਬੁਰਜ ਵਾਲਾ, ਬਲਵਿੰਦਰ ਸਿੰਘ ਸੈਫਲਪੁਰ, ਰਣਜੀਤ ਸਿੰਘ ਭਾਗੋਮਾਜਰਾ ਸਮੇਤ ਹੋਰ ਜਥੇਬੰਦੀ ਮੈਂਬਰ ਹਾਜ਼ਰ ਸਨ |