ਰੂਪਨਗਰ, 13 ਫਰਵਰੀ (ਸਤਨਾਮ ਸਿੰਘ ਸੱਤੀ)-'ਸਕੂਲ ਦੀਆਂ ਯਾਦਾਂ ਸਾਡੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਅਧਿਆਇ ਹੁੰਦੀਆਂ ਹਨ | ਇੱਥੋਂ ਮਿਲੀ ਸਿੱਖਿਆ ਅਤੇ ਦੋਸਤੀ ਸਾਨੂੰ ਸਦੀਵ ਯਾਦ ਰਹੇਗੀ | ਵਿਦਾਇਗੀ ਇਕ ਅੰਤ ਨਹੀਂ, ਸਗੋਂ ਨਵੀਂ ਸ਼ੁਰੂਆਤ ਦਾ ਨਾਮ ਹੈ |' ਇਨ੍ਹਾਂ ਭਾਵੁਕ ਸ਼ਬਦਾਂ ਨਾਲ ਸੇਂਟ ਕਾਰਮਲ ਸਕੂਲ, ਰੂਪਨਗਰ ਵਿਚ ਬਾਰ੍ਹਵੀਂ ਜਮਾਤ (2025-26 ਸੈਸ਼ਨ) ਦੇ ਵਿਦਿਆਰਥੀਆਂ ਲਈ 'ਜਸ਼ਨ-ਏ-ਰੁਖਸਤ ਪ੍ਰਲ 2026' ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਪ੍ਰੋਗਰਾਮ ਵਿਚ ਸਕੂਲ ਦੀ ਐਮ.ਡੀ. ਸ੍ਰੀਮਤੀ ਮਾਧੁਰੀ ਸੈਣੀ ਅਤੇ ਡਿਵੈਲਪਮੈਂਟ ਮੈਨੇਜਰ ਸ੍ਰੀਮਤੀ ਜਯਾ ਸੈਣੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਉਨ੍ਹਾਂ ਦਾ ਡਾਇਰੈਕਟਰ ਪਿ੍ੰਸੀਪਲ ਡਾ. ਪੂਨਮ ਡੋਗਰਾ, ਪਿ੍ੰਸੀਪਲ ਸ੍ਰੀਮਤੀ ਪੂਜਾ ਜੈਨ ਅਤੇ ਸਟਾਫ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਵਿਦਾ ਹੋਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਟੀਮ ਐੱਸ. ਸੀ. ਐੱਸ. ਵਲੋਂ ਖੂਬਸੂਰਤ ਢੰਗ ਨਾਲ ਕੀਤਾ ਗਿਆ | ਸਮਾਰੋਹ ਦੀ ਸ਼ੁਰੂਆਤ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਐਂਟਰੀ ਨਾਲ ਹੋਈ | ਇਸ ਮੌਕੇ ਵਿਦਿਆਰਥੀਆਂ ਨੇ ਨਾਚ, ਗੀਤ ਅਤੇ ਸ਼ਾਇਰੀ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਸਮਾਰੋਹ ਦੌਰਾਨ 'ਮਿਸ ਕਾਰਮਲ' ਅਤੇ 'ਮਿਸਟਰ ਕਾਰਮਲ' ਦੀ ਚੋਣ ਦੌਰਾਨ ਮਿਸ ਕਾਰਮਲ ਦਾ ਖਿਤਾਬ ਅਰਸ਼ਪਰੀਤ ਕੌਰ (ਨਾਨ-ਮੈਡੀਕਲ) ਅਤੇ ਮਿਸਟਰ ਕਾਰਮਲ ਦਾ ਖਿਤਾਬ ਅਰਸ਼ਪਰੀਤ ਸਿੰਘ (ਮੈਡੀਕਲ) ਨੇ ਜਿੱਤਿਆ | ਸਟੂਡੈਂਟ ਆਫ ਦਿ ਈਅਰ ਦਾ ਖਿਤਾਬ ਪਰਜਿੰਦਰ ਸਿੰਘ ਨੇ ਹਾਸਲ ਕੀਤਾ | ਮਿਸ ਅਤੇ ਮਿਸਟਰ ਕਨਜੀਨੀਐਲਟੀ ਅਤੇ ਮਿਸਟਰ ਚਾਰਮਿੰਗ ਦੇ ਖਿਤਾਬ ਵੀ ਯੋਗ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ | ਸਕੂਲ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਤਾਜ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਕਈ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ | ਅਧਿਆਪਕਾਂ ਨੇ ਵਿਦਾ ਹੋਣ ਵਾਲੇ ਵਿਦਿਆਰਥੀਆਂ ਨੂੰ ਦਿਲੋਂ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਵਿਦਿਆਰਥੀਆਂ ਨੇ ਵੀ ਆਪਣੇ ਸਕੂਲੀ ਜੀਵਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਆਪਣੇ ਸਕੂਲ ਨੂੰ ਕਦੇ ਨਹੀਂ ਭੁੱਲਣਗੇ | ਸਕੂਲ ਦੀ ਡਿਵੈਲਪਮੈਂਟ ਮੈਨੇਜਰ ਸ੍ਰੀਮਤੀ ਜਯਾ ਸੈਣੀ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਉੱਚੀਆਂ ਉਡਾਣਾਂ ਭਰਨ ਦੀ ਪ੍ਰੇਰਨਾ ਦਿੱਤੀ | ਸਮਾਰੋਹ ਦੌਰਾਨ ਸਾਰਿਆਂ ਲਈ ਲੰਚ ਅਤੇ ਰਿਫਰੈਸ਼ਮੈਂਟ ਦਾ ਵੀ ਉਚਿਤ ਪ੍ਰਬੰਧ ਕੀਤਾ ਗਿਆ | ਅੰਤ ਵਿਚ ਖੁਸ਼ੀਆਂ ਅਤੇ ਭਾਵਨਾਵਾਂ ਨਾਲ ਭਰਪੂਰ ਮਾਹੌਲ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦਿੱਤੀ ਗਈ ਅਤੇ ਇਹ ਸਮਾਰੋਹ ਸਭ ਲਈ ਇਕ ਯਾਦਗਾਰ ਪਲ ਬਣ ਗਿਆ |