ਵਿਧਾਇਕ ਚੱਢਾ ਨੇ ਸ਼ੋਭਾ ਯਾਤਰਾ 'ਚ ਕੀਤੀ ਸ਼ਿਰਕਤ
ਅਜੀਤ ਡੈਸਕ
18-02-2026
ਕਾਹਨਪੁਰ ਖੂਹੀ, 17 ਫਰਵਰੀ (ਗੁਰਬੀਰ ਸਿੰਘ ਵਾਲੀਆ)-ਖੇਤਰ ਦੇ ਪਿੰਡ ਝੱਜ ਧਾਮ ਵਿਖੇ ਮਸਤ ਬਾਬਾ ਸ਼ਾਮ ਜੀ ਮਹਾਰਾਜ ਲੋਕ ਭਲਾਈ ਸੇਵਾ ਦਲ ਪਿੰਡ ਝੱਜ ਵਲੋਂ ਧੰਨ ਧੰਨ ਮਸਤ ਬਾਬਾ ਸ਼ਾਮ ਦਾ ਜਨਮ ਦਿਨ ਭਾਰੀ ਮਨਾਇਆ ਜਾ ਰਿਹਾ ਹੈ | ਜਨਮ ਦਿਨ ਦੇ ਦੂਜੇ ਦਿਨ ਵਿਸ਼ਾਲ ਅਤੇ ਭਾਵਪੂਰਨ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ | ਸ਼ੋਭਾ ਯਾਤਰਾ ਦੌਰਾਨ ਧਾਰਮਿਕ ਝੰਡੇ, ਕੀਰਤਨ ਮੰਡਲੀਆਂ ਅਤੇ ਸੇਵਾਦਾਰਾਂ ਵਲੋਂ ਸ਼ਬਦ ਗਾਇਨ ਕੀਤਾ ਗਿਆ, ਜਿਸ ਨਾਲ ਸਾਰਾ ਮਾਹੌਲ ਭਗਤੀਮਈ ਬਣ ਗਿਆ | ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਉਨ੍ਹਾਂ ਸ਼ੋਭਾ ਯਾਤਰਾ ਵਿਚ ਸ਼ਮੂਲੀਅਤ ਕਰਕੇ ਸੰਤ ਮਹਾਤਮਾਵਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਗਤਾਂ ਨਾਲ ਭੇਟ ਕਰਦਿਆਂ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ | ਇਸ ਦੌਰਾਨ ਉਨ੍ਹਾਂ ਨੇ ਸਵਾਮੀ ਅਨਮੋਲਕਾ ਨੰਦ ਨਾਲ ਮੁਲਾਕਾਤ ਵੀ ਕੀਤੀ | ਸਵਾਮੀ ਅਨਮੋਲਕਾ ਨੰਦ ਨੇ ਆਪਣੇ ਅਸ਼ੀਰਵਚਨ ਦਿੰਦਿਆਂ ਕਿਹਾ ਕਿ ਪ੍ਰਕਾਸ਼ ਉਤਸਵ ਸਾਨੂੰ ਅੰਦਰਲੀ ਅਗਿਆਨਤਾ ਨੂੰ ਦੂਰ ਕਰਕੇ ਮਨੁੱਖਤਾ ਦੀ ਸੇਵਾ ਅਤੇ ਸਮਾਜਕ ਏਕਤਾ ਵਲ ਅੱਗੇ ਵਧਣ ਦਾ ਸੰਦੇਸ਼ ਦਿੰਦਾ ਹੈ | ਸਮਾਗਮ ਦੌਰਾਨ ਲੰਗਰ ਦੀ ਸੇਵਾ ਨਿਰੰਤਰ ਚੱਲਦੀ ਰਹੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਪ੍ਰਸਾਦ ਪ੍ਰਾਪਤ ਕੀਤਾ | ਭਗਤੀਮਈ ਮਾਹੌਲ ਵਿਚ ਮਨਾਇਆ ਗਿਆ ਇਹ ਪ੍ਰਕਾਸ਼ ਉਤਸਵ ਇਲਾਕੇ ਵਿਚ ਅਧਿਆਤਮਿਕ ਚੇਤਨਾ ਦਾ ਪ੍ਰਤੀਕ ਬਣਿਆ ਹੋਇਆ ਹੈ |