ਰੂਪਨਗਰ, 19 ਫਰਵਰੀ (ਸਤਨਾਮ ਸਿੰਘ ਸੱਤੀ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਗਏ ਕਥਿਤ ਕਿਸਾਨ ਮਾਰੂ ਸਮਝੌਤੇ ਦੇ ਵਿਰੋਧ ਵਿਚ ਕਾਂਗਰਸ ਅਤੇ ਕਿਸਾਨ ਆਗੂਆਂ ਦੇ ਭਾਰੀ ਇਕੱਠ ਨੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਦੇਸ਼ ਦੇ ਕਿਸਾਨਾਂ ਦੇ ਹਿਤਾਂ ਲਈ ਨੁਕਸਾਨਦੇਹ ਸਾਬਤ ਹੋਵੇਗਾ, ਸਗੋਂ ਦੇਸ਼ ਦੀ ਖੇਤੀਬਾੜੀ ਆਰਥਿਕਤਾ ਨੂੰ ਵੀ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਇੱਕ ਖੇਤੀ-ਪ੍ਰਧਾਨ ਸੂਬਾ ਹੈ ਤੇ ਇਸ ਤਰ੍ਹਾਂ ਦੇ ਸਮਝੌਤਿਆਂ ਨਾਲ ਸੂਬੇ ਦੀ ਆਰਥਿਕਤਾ 'ਤੇ ਵੀ ਮਾੜਾ ਅਸਰ ਪਵੇਗਾ | ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਜ਼ਮੀਨੀ ਮਾਲਕੀ ਘਟਣ ਤੇ ਖੇਤੀਬਾੜੀ ਰੁਜ਼ਗਾਰ ਵਿਚ ਕਮੀ ਕਾਰਨ ਨੌਜਵਾਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ | ਜੇਕਰ ਇਹ ਵਪਾਰਕ ਸਮਝੌਤਾ ਲਾਗੂ ਹੋਇਆ ਤਾਂ ਵਿਦੇਸ਼ੀ ਸਸਤੇ ਖੇਤੀ ਉਤਪਾਦ ਘਰੇਲੂ ਉਤਪਾਦਾਂ ਦੀ ਥਾਂ ਲੈ ਸਕਦੇ ਹਨ, ਜਿਸ ਨਾਲ ਛੋਟੇ ਕਿਸਾਨ ਮੁਕਾਬਲਾ ਨਹੀਂ ਕਰ ਸਕਣਗੇ | ਰਾਣਾ ਵਿਸ਼ਵਪਾਲ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਹ ਸਮਝੌਤਾ ਕਿਸਾਨਾਂ ਦੇ ਹਿਤਾਂ 'ਤੇ ਵੱਡਾ ਹਮਲਾ ਹੈ | ਕਿਸਾਨ ਸੈੱਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਧ ਰਹੀ ਮਹਿੰਗਾਈ ਕਾਰਨ ਖੇਤੀ ਦੇ ਅÏਜ਼ਾਰ, ਖਾਦ, ਦਵਾਈਆਂ ਅਤੇ ਮਜ਼ਦੂਰੀ ਦੀ ਲਾਗਤ ਪਹਿਲਾਂ ਹੀ ਬਹੁਤ ਵੱਧ ਚੁੱਕੀ ਹੈ ਅਤੇ ਅਜਿਹੇ ਸਮਝੌਤੇ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਖ਼ਰਾਬ ਹੋ ਸਕਦੀ ਹੈ | ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਡਾ. ਮਨਮੋਹਨ ਸਿੰਘ ਤੱਕ ਪਿਛਲੇ ਪ੍ਰਧਾਨ ਮੰਤਰੀਆਂ ਨੇ ਦੇਸ਼ ਦੀਆਂ ਮੰਡੀਆਂ ਨੂੰ ਵਿਦੇਸ਼ੀ ਖੇਤੀ ਉਤਪਾਦਾਂ ਲਈ ਪੂਰੀ ਤਰ੍ਹਾਂ ਖੋਲ੍ਹਣ ਤੋਂ ਬਚਾਇਆ, ਤਾਂ ਜੋ ਦੇਸ਼ ਦੀ ਖੇਤੀ ਅਤੇ ਆਰਥਿਕਤਾ ਸੁਰੱਖਿਅਤ ਰਹੇ | ਉਨ੍ਹਾਂ ਕਿਹਾ ਕਿ ਅੱਜ ਵੀ ਉਨ੍ਹਾਂ ਨੀਤੀਆਂ ਤੋਂ ਸਬਕ ਲੈਣ ਦੀ ਲੋੜ ਹੈ | ਇਸ ਮੌਕੇ ਰਮੇਸ਼ ਗੋਇਲ, ਰਾਣਾ ਵਿਸ਼ਵਪਾਲ ਸਿੰਘ, ਰਾਜੇਸ਼ਵਰ ਲਾਲੀ, ਕੌਂਸਲਰ ਰਜੇਸ਼ ਕੁਮਾਰ, ਜਰਨੈਲ ਸਿੰਘ ਕਾਬੜਵਾਲ, ਹਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਸੈੱਲ, ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ, ਐਡਵੋਕੇਟ ਨਰਿੰਦਰ ਪਰਾਸ਼ਰ, ਅਵਨੀਸ਼ ਮੋਦਗਿਲ, ਨਿਰਮਲ ਸਰਪੰਚ ਪੁਰਖਾਲੀ, ਕਾਲਾ ਪੁਰਖਾਲੀ, ਕਰਮ ਸਿੰਘ ਰੋਪੜ, ਅਸ਼ੋਕ ਸ਼ਰਮਾ, ਹੈਰੀ ਰੰਗੀਲਪੁਰ, ਰਹਿਸ ਬਾਬੂ, ਮਨੋਜ ਕੁਮਾਰ ਹਿਰਦਾਪੂਰ, ਰਵਿੰਦਰ ਭੱਟੀ, ਸੋਨੂੰ ਵੋਹਰਾ ਅਤੇ ਭੁਪਿੰਦਰ ਸਿੰਘ ਆਫ਼ਿਸ ਇੰਚਾਰਜ ਸਮੇਤ ਹੋਰ ਆਗੂ ਹਾਜ਼ਰ ਸਨ |