ਸ੍ਰੀ ਅਨੰਦਪੁਰ ਸਾਹਿਬ, 19 ਫਰਵਰੀ (ਜੇ ਐਸ ਨਿੱਕੂਵਾਲ)-ਸਥਾਨਕ ਪੁਲਿਸ ਵਲੋਂ ਇਕ ਨਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ 40 ਗ੍ਰਾਮ ਨਸ਼ੀਲੇ ਪਾਊਡਰ ਅਤੇ 3 ਲੱਖ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਤੇ ਉਪ ਪੁਲਿਸ ਕਪਤਾਨ ਦੀ ਅਗਵਾਈ ਹੇਠ ਐੱਸ.ਆਈ. ਜਸਮੇਰ ਸਿੰਘ ਵਲੋਂ ਭਾਖੜਾ ਨਹਿਰ ਤੇ ਬਣੇ ਫ਼ੌਜੀ ਪੁਲ ਲਾਗੇ ਨਾਕਾਬੰਦੀ ਦੌਰਾਨ ਪਿੰਡ ਲਮਲੈਹੜੀ ਵਲੋਂ ਆ ਰਹੇ ਟੈਂਪੂ ਟਰੈਵਲ ਵਿਚ ਬੈਠੇ ਤਿੰਨ ਨੌਜਵਾਨਾਂ ਪਿ੍ੰਸ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਬਣੀ, ਅਮਨ ਕੁਮਾਰ ਪੁੱਤਰ ਦਿਨੇਸ਼ ਕੇਵਟ ਵਾਸੀ ਕਿਰਾਏਦਾਰ ਨਵੀਂ ਆਬਾਦੀ ਵਾਰਡ ਨੰਬਰ 10 ਅਤੇ ਜਸਬੀਰ ਕੁਮਾਰ ਪਿ੍ੰਸ ਪੁੱਤਰ ਸਵ: ਰਮੇਸ਼ ਕੁਮਾਰ ਵਾਸੀ ਪੀ. ਐਨ. ਐਫ. ਸੀ. ਕਾਲੋਨੀ ਨਵਾਂ ਨੰਗਲ ਨੂੰ 40 ਗ੍ਰਾਮ ਸੰਤਰੀ ਰੰਗ ਦੇ ਨਸ਼ੀਲੇ ਪਾਊਡਰ ਅਤੇ ਤਿੰਨ ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ | ਪੁਲਿਸ ਵਲੋਂ ਨਸ਼ਾ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀ ਸੂਚਨਾ ਸੇਫ ਪੰਜਾਬ ਪੁਲਿਸ ਹੈਲਪ ਲਾਇਲ 97791-00200 ਤੇ ਦਰਜ ਕਰਵਾਓ | ਸ਼ਿਕਾਇਤ ਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ |