ਮੋਰਿੰਡਾ, 19 ਫਰਵਰੀ (ਪਿ੍ਤਪਾਲ ਸਿੰਘ)-ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਮੇਟੀ ਤੇ ਕਾਬਜ਼ ਗਰੁੱਪ ਵਲੋਂ ਕੀਤੀ ਜਾ ਰਹੀ ਲੁੱਟ ਨੂੰ ਉਜਾਗਰ ਕਰਕੇ ਸਾਡੇ ਵਲੋਂ 25 ਸਾਲ ਪਹਿਲਾਂ ਦਿੱਤੇ ਬਿਆਨਾਂ ਤੇ ਮੋਹਰ ਲਗਾਈ ਹੈ | ਇਹ ਵਿਚਾਰ ਪ੍ਰਗਟ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਪੁਨਰ ਸੁਰਜੀਤ ਅਕਾਲੀ ਦਲ ਦੇ ਸਰਪ੍ਰਸਤ ਰਵੀਇੰਦਰ ਸਿੰਘ ਦੁੱਮਣਾ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੇ ਵੀ ਦੱਸਿਆ ਕਿ ਕਾਬਜ਼ ਗਰੁੱਪ ਵੱਖ-ਵੱਖ ਤਰੀਕਿਆਂ ਨਾਲ ਗੁਰੂ ਦੀ ਗੋਲਕ ਦਾ ਕਰੋੜਾਂ ਰੁਪਏ ਲੁਟਕੇ ਲੈ ਗਏ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਇਸ ਦੇ ਸਾਥੀਆਂ ਨੇ ਪਹਿਲਾਂ ਕੀਤੀਆਂ ਬਜ਼ਰ ਗਲਤੀਆਂ ਨੂੰ ਮੰਨਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗੀ ਸੀ, ਪਰ ਫਿਰ ਵੀ ਵਿੰਗੇ ਟੇਡੇ ਢੰਗ ਨਾਲ ਲੁੱਟ ਜਾਰੀ ਰਹੀ | ਉਨ੍ਹਾਂ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਟੋਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਵਾ ਕੇ ਸਿੱਖੀ ਸਿਧਾਂਤਾਂ ਨੂੰ ਲਾਗੂ ਕੀਤਾ ਜਾਵੇ | ਉਹਨਾਂ ਦੱਸਿਆ ਕਿ ਪੁਨਰ ਸੁਰਜੀਤ ਅਕਾਲੀ ਦਲ ਵਲੋਂ ਪਿੰਡ ਦੁੱਮਣਾ ਵਿਖੇ 24 ਫਰਵਰੀ ਨੂੰ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ | ਇਸ ਇਕੱਠ ਵਿਚ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਪੰਜਾਬ ਦੀ ਸਾਰੀ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ | ਇਸ ਮੌਕੇ ਜਥੇਦਾਰ ਗੁਰਮੀਤ ਸਿੰਘ ਮਕੜੌਨਾ ਪ੍ਰਧਾਨ ਪੁਨਰ ਸੁਰਜੀਤ ਅਕਾਲੀ ਦਲ ਜ਼ਿਲ੍ਹਾ ਰੂਪਨਗਰ, ਜਥੇਦਾਰ ਪ੍ਰੀਤਮ ਸਿੰਘ ਸਲੋਮਾਜਰਾ, ਜਥੇ. ਹਰਬੰਸ ਸਿੰਘ ਕੰਧੋਲਾ, ਸੁਖਵਿੰਦਰ ਸਿੰਘ ਮੁੰਡੀਆਂ ਪ੍ਰਧਾਨ ਟਰੱਕ ਯੂਨੀਅਨ ਮੋਰਿੰਡਾ ਤੇ ਜਥੇਦਾਰ ਮਹਿੰਦਰ ਸਿੰਘ ਲੁਠੇੜੀ ਆਦਿ ਹਾਜ਼ਰ ਸਨ |