ਸ੍ਰੀ ਅਨੰਦਪੁਰ ਸਾਹਿਬ, 28 ਫਰਵਰੀ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ)-ਪੰਜਾਬ ਸਟੇਟ ਰੈੱਡ ਕਰਾਸ ਵਲੋਂ ਸਕੱਤਰ ਪੰਜਾਬ ਸਟੇਟ ਰੈੱਡ ਕਰਾਸ, ਚੰਡੀਗੜ੍ਹ ਦੀ ਅਗਵਾਈ ਅਧੀਨ ਵੱਖ-ਵੱਖ ਜ਼ਿਲ੍ਹਾ ਰੈੱਡ ਕਰਾਸ ਸ਼ਾਖਾਵਾਂ ਦੇ ਸਹਿਯੋਗ ਨਾਲ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 10 ਮੁੱਢਲੀ ਸਹਾਇਤਾ ਪੋਸਟਾਂ ਅਤੇ 10 ਐਂਬੂਲੈਂਸ ਲਗਾਈਆਂ ਗਈਆਂ ਹਨ | ਇਸ ਸਬੰਧੀ ਸੈਕਟਰੀ ਗੁਰਸੋਹਣ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਰੋਵਰ, ਪੰਜ ਪਿਆਰਾ ਪਾਰਕ, ਮਾਤਾ ਨੈਣਾ ਦੇਵੀ ਸੜਕ, ਕਿਲ੍ਹਾ ਫ਼ਤਿਹਗੜ੍ਹ ਸਾਹਿਬ, ਅਗੰਮਪੁਰ ਚੌਂਕ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ, ਬੱਸ ਅੱਡਾ, ਵਿਰਾਸਤ-ਏ-ਖਾਲਸਾ, ਸਰਕਾਰੀ ਕੰਨਿਆ ਸਕੂਲ ਦੇ ਸਾਹਮਣੇ, ਭਾਈ ਘਨ੍ਹਾਈਆਂ ਗੁਰਦੁਆਰਾ ਸਾਹਿਬ, ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਦਿ ਥਾਵਾਂ ਤੇ ਮੁੱਢਲੀ ਸਹਾਇਤਾ ਪੋਸਟਾਂ ਲਗਾਈਆਂ ਗਈਆਂ ਹਨ | ਜਿੱਥੇ 80 ਵਲੰਟੀਅਰ ਤੇ ਸਟਾਫ਼ ਮੈਂਬਰ ਤੈਨਾਤ ਰਹਿਣਗੇ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਜਾਰੀ ਹੁਕਮਾਂ ਅਨੁਸਾਰ ਸੰਗਤਾਂ ਦੀ ਸੇਵਾ ਲਈ ਇਹ ਪੋਸਟਾਂ ਲਗਾਈਆਂ ਗਈਆਂ ਹਨ |