ਨੰਗਲ, 28 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਪੁਲਿਸ ਵਲੋਂ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਰਹੱਦੀ ਸ਼ਹਿਰ ਨੰਗਲ ਦੇ ਵਿਚ ਵੀ ਹੋਲੇ ਮਹੱਲੇ ਨੂੰ ਲੈ ਕੇ ਵਿਸ਼ੇਸ਼ ਨਾਕੇਬੰਦੀਆਂ ਕੀਤੀਆਂ ਗਈਆਂ ਹਨ | ਨਵਾਂ ਨੰਗਲ ਚੌਂਕ ਦੇ ਵਿਚ ਫੁਲਾਈਾ ਓਵਰ ਦੇ ਲਾਗੇ ਚੌਂਕੀ ਇੰਚਾਰਜ ਨਵਾਂ ਨੰਗਲ ਸਬ ਇੰਸਪੈਕਟਰ ਸਰਤਾਜ ਸਿੰਘ ਦੀ ਅਗਵਾਈ ਦੇ ਵਿਚ ਪੁਲਿਸ ਵਲੋਂ ਇੱਕ ਵਿਸ਼ੇਸ਼ ਨਾਕੇਬੰਦੀ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਸਰਤਾਜ ਸਿੰਘ ਨੇ ਦੱਸਿਆ ਕਿ ਹੋਲੇ ਮਹੱਲੇ ਦੀ ਸੁਰੱਖਿਆ ਦੇ ਮੱਦੇ ਨਜ਼ਰ ਅਤੇ ਭਾਰੀ ਵਾਹਨਾਂ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਦਾਖ਼ਲੇ ਦੀ ਰੋਕ ਦੇ ਲਈ ਇਹ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ | ਉਨ੍ਹਾਂ ਨੇ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਟਰੈਕਟਰ ਟਰਾਲੀਆਂ, ਛੋਟੇ ਹਾਥੀ, ਜਾਂ ਫਿਰ ਵੱਡੇ ਘੋੜਿਆਂ ਦੇ ਵਿਚ ਵਾਧੂ ਸੰਗਤ ਨੂੰ ਬਿਠਾ ਕੇ ਨਾ ਲਿਆਉਣ, ਜਿਸ ਦੇ ਨਾਲ ਕਿ ਦੁਰਘਟਨਾ ਦਾ ਖ਼ਦਸ਼ਾ ਪੈਦਾ ਹੋਵੇ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸਬ ਇੰਸਪੈਕਟਰ ਮਦਨ ਲਾਲ, ਪਿ੍ਤਪਾਲ ਸਿੰਘ ਤੇ ਅਨਿਲ ਕੁਮਾਰ ਹਾਜ਼ਰ ਸਨ |