ਐੱਸ. ਏ. ਐੱਸ. ਨਗਰ, 28 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਵਲੋਂ ਗਿਆਨ ਭਾਰਤਮ ਮਿਸ਼ਨ ਤਹਿਤ ਦੇਸ਼ ਦੀ ਪੁਰਾਤਨ ਹੱਥ-ਲਿਖਤ ਵਿਰਾਸਤ ਨੂੰ ਸੰਭਾਲਣ ਅਤੇ ਸੁਰੱਖਿਅਤ ਕਰਨ ਲਈ ਦੇਸ਼-ਪੱਧਰੀ ਸਰਵੇਖਣ ਸ਼ੁਰੂ ਕੀਤਾ ਗਿਆ ਹੈ, ਜੋ ਕਿ ਆਗਾਮੀ 15 ਜੂਨ ਤੱਕ ਪੂਰਾ ਕੀਤਾ ਜਾਣਾ ਹੈ | ਇਸ ਸੰਬੰਧ 'ਚ ਨਗਰ ਨਿਗਮ ਮੁਹਾਲੀ ਵਲੋਂ ਸ਼ਹਿਰ ਦੀਆਂ ਸਮੂਹ ਸਰਕਾਰੀ/ਨਿੱਜੀ ਸੰਸਥਾਵਾਂ, ਯੂਨੀਵਰਸਿਟੀਆਂ, ਲਾਇਬ੍ਰੇਰੀਆਂ, ਮੰਦਰਾਂ, ਗੁਰਦੁਆਰਿਆਂ, ਧਾਰਮਿਕ ਅਸਥਾਨਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਕੋਲ ਕੋਈ ਵੀ ਪੁਰਾਤਨ ਹੱਥ-ਲਿਖਤ ਮੌਜੂਦ ਹੈ ਤਾਂ ਉਸ ਦੀ ਜਾਣਕਾਰੀ ਨਗਰ ਨਿਗਮ ਮੁਹਾਲੀ ਨਾਲ ਸਾਂਝੀ ਕੀਤੀ ਜਾਵੇ | ਨਿਗਮ ਵਲੋਂ ਸਪੱਸ਼ਟ ਕੀਤਾ ਗਿਆ ਕਿ ਇਹ ਇਕ ਮਹੱਤਵਪੂਰਨ ਰਾਸ਼ਟਰੀ ਅਭਿਆਨ ਹੈ, ਇਸ ਲਈ ਸਰਵੇਖਣ ਦੌਰਾਨ ਪੂਰਾ ਸਹਿਯੋਗ ਦਿੱਤਾ ਜਾਵੇ |