ਜ਼ੀਰਕਪੁਰ, 28 ਅਪ੍ਰੈਲ (ਮਨਿੰਦਰ ਸਿੰਘ)-ਬੀਤੀ ਦੇਰ ਰਾਤ ਪਿੰਡ ਨਾਭਾ ਸਾਹਿਬ ਵਿਖੇ ਕੁਝ ਹਥਿਆਰਬੰਦ ਵਿਅਕਤੀਆਂ ਵਲੋਂ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ | ਇਸ ਦੌਰਾਨ ਚਾਰਦੀਵਾਰੀ ਤੋੜ ਕੇ ਅੰਦਰੋਂ ਸਾਮਾਨ ਵੀ ਚੋਰੀ ਕਰ ਲਿਆ ਗਿਆ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਐੱਸ. ਬੀ. ਪੀ. ਕੰਪਨੀ ਦੇ 4 ਡਾਇਰੈਕਟਰਾਂ ਤੇ 10-12 ਹੋਰਨਾਂ ਅਣਪਛਾਤੇ ਵਿਅਕਤੀਆਂ ਵਿਰੁੱਧ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਗਲਾ, ਪ੍ਰਦੀਪ ਸਿੰਗਲਾ, ਸੰਦੀਪ ਲੌਂਗੋਵਾਲੀਆ ਤੇ ਸਾਰਥਕ ਗਰਗ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਵਜੀਤ ਸਿੰਘ ਸਿੱਧੂ ਵਾਸੀ ਸੈਕਟਰ-10 ਏ ਚੰਡੀਗੜ੍ਹ ਨੇ ਕਿਹਾ ਕਿ ਉਸ ਨੇ ਸਾਲ 2006 'ਚ ਪਿੰਡ ਨਾਭਾ ਸਾਹਿਬ ਵਿਖੇ ਜ਼ਮੀਨ ਖ਼ਰੀਦੀ ਸੀ, ਜਿਸ ਦੇ ਚਾਰੇ ਪਾਸੇ ਆਰ. ਸੀ. ਸੀ. ਪ੍ਰੀਕਾਸਟ ਚਾਰਦੀਵਾਰੀ, ਗੇਟ, ਕੇਅਰ ਟੇਕਰ ਕੁਆਰਟਰ, ਸ਼ੈੱਡ, ਬਿਜਲੀ ਦਾ ਕਮਰਾ ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ | ਉਸ ਨੇ ਦੋਸ਼ ਲਗਾਇਆ ਕਿ ਬੀਤੀ 25 ਅਪ੍ਰੈਲ ਨੂੰ ਕਰੀਬ 1.20 ਵਜੇ 6-7 ਹਥਿਆਰਬੰਦ ਵਿਅਕਤੀ ਕੰਧ ਟੱਪ ਕੇ ਉਸ ਦੀ ਜ਼ਮੀਨ 'ਚ ਦਾਖ਼ਲ ਹੋਏ ਅਤੇ ਕੇਅਰ ਟੇਕਰ ਮਨੋਜ ਸ਼ਰਮਾ ਨੂੰ ਬੰਧਕ ਬਣਾ ਕੇ ਉਸ ਨਾਲ ਕੁੱਟਮਾਰ ਕੀਤੀ | ਮੁਲਜ਼ਮਾਂ ਨੇ ਉਸ ਤੋਂ ਨਕਦੀ ਵੀ ਖੋਹ ਲਈ | ਸ਼ਿਕਾਇਤ ਅਨੁਸਾਰ ਕੁਝ ਸਮੇਂ ਬਾਅਦ ਹੋਰ ਦੋ ਵਿਅਕਤੀ ਜੇ. ਸੀ. ਬੀ. ਮਸ਼ੀਨਾਂ ਲੈ ਕੇ ਉਥੇ ਪੁੱਜ ਗਏ, ਜਿਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਗੇਟ, ਚਾਰਦੀਵਾਰੀ, ਕੁਆਰਟਰ, ਸ਼ੈੱਡ ਤੇ ਹੋਰਨਾਂ ਢਾਂਚਿਆਂ ਨੂੰ ਤੋੜ ਦਿੱਤਾ | ਇਸ ਦੇ ਨਾਲ ਹੀ ਉਹ ਫ਼ਰਨੀਚਰ, ਸੋਲਰ ਪੈਨਲ, ਡੀ. ਵੀ. ਆਰ., ਸੀ. ਸੀ. ਟੀ. ਵੀ. ਕੈਮਰੇ ਅਤੇ ਨਕਦੀ ਵੀ ਚੋਰੀ ਕਰਕੇ ਲੈ ਗਏ | ਉਨ੍ਹਾਂ ਦੋਸ਼ ਲਗਾਇਆ ਕਿ ਹਮਲਾਵਰਾਂ ਵਲੋਂ ਘਟਨਾ ਸਥਾਨ 'ਤੇ ਖੜ੍ਹੀ ਇਕ ਕਾਰ ਦੀ ਵੀ ਭੰਨ-ਤੋੜ ਕੀਤੀ ਗਈ | ਉਨ੍ਹਾਂ ਕਿਹਾ ਕਿ ਅਸਲ 'ਚ ਇਹ ਹਮਲਾ ਉਸ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ | ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਮਾਸਟਰ ਪਲਾਨ ਰੋਡ ਨਾਲ ਜੁੜੇ ਇਕ ਨਿੱਜੀ ਪ੍ਰਾਜੈਕਟ ਨਾਲ ਜੋੜਨ ਲਈ ਉਸ 'ਤੇ ਜ਼ਮੀਨ ਦੇਣ ਲਈ ਦਬਾਅ ਪਾਇਆ ਜਾ ਰਿਹਾ ਸੀ | ਇਹ ਘਟਨਾ ਉਸ ਦੁਆਰਾ ਆਪਣੀ ਜ਼ਮੀਨ ਛੱਡਣ ਤੋਂ ਇਨਕਾਰ ਕਰਨ ਤੋਂ ਬਾਅਦ ਵਾਪਰੀ | ਸ਼ਿਕਾਇਤ 'ਚ ਐੱਸ. ਬੀ. ਪੀ. ਸਨਸ਼ਾਈਨ ਪ੍ਰਾ. ਲਿ. ਦੇ ਡਾਇਰੈਕਟਰ ਅਮਨਦੀਪ ਸਿੰਗਲਾ, ਪ੍ਰਦੀਪ ਸਿੰਗਲਾ, ਸੰਦੀਪ ਲੌਂਗੋਵਾਲੀਆ ਅਤੇ ਸਾਰਥਕ ਗਰਗ ਦੇ ਨਾਂਅ ਸ਼ਾਮਿਲ ਹਨ | ਪੀੜਤ ਦੇ ਅਨੁਸਾਰ ਮੁਲਜ਼ਮਾਂ ਨੇ ਉਸ ਨੂੰ ਸੰਬੰਧਿਤ ਜ਼ਮੀਨ 'ਚ ਆਉਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ |