20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਿਤਾਰਪੁਰ ਸੰਪਰਕ ਸੜਕ ਦੀ ਖਸਤਾ ਹਾਲਤ ਦੀ ਨਹੀਂ ਲੈ ਰਿਹਾ ਕੋਈ ਸਾਰ

ਸਿਤਾਰਪੁਰ ਸੰਪਰਕ ਸੜਕ 'ਤੇ ਪਏ ਟੋਇਆਂ 'ਚ ਖੜ੍ਹਾ ਬਰਸਾਤੀ ਪਾਣੀ | ਤਸਵੀਰਾਂ : ਰਾਜਬੀਰ ਸਿੰਘ <br/> 29-04-2026
ਲਾਲੜੂ, 28 ਅਪ੍ਰੈਲ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨੂੰ ਜੋੜਨ ਵਾਲੀ ਸਿਤਾਰਪੁਰ ਸੰਪਰਕ ਸੜਕ ਵੈਂਟੀਲੇਟਰ 'ਤੇ ਚੱਲ ਰਹੀ ਹੈ, ਪਰ ਇਸ ਦੀ ਕੋਈ ਸਾਰ ਨਹੀਂ ਲੈ ਰਿਹਾ | ਸੜਕ ਦੀ ਹਾਲਤ ਇੰਨੀ ਜ਼ਿਆਦਾ ਤਰਸਯੋਗ ਹੋ ਗਈ ਹੈ ਕਿ ਰਾਹਗੀਰ ਆਪਣੇ ਵਾਹਨਾਂ ਨੂੰ ਟੋਇਆਂ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਡਿੱਗ ਕੇ ਜ਼ਖ਼ਮੀ ਹੋ ਰਹੇ ਹਨ | ਦੱਸਣਯੋਗ ਹੈ ਕਿ ਉਕਤ ਸੜਕ ਦੀ ਮਿਆਦ ਪੁੱਗੀ ਨੂੰ ਕਰੀਬ 4 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਹਾਲੇ ਤੱਕ ਇਸ ਸੜਕ ਦੀ ਕਿਸੇ ਵਲੋਂ ਸਾਰ ਨਹੀਂ ਲਈ ਗਈ | ਪਿੰਡ ਸਿਤਾਰਪੁਰ ਦੇ ਰਹਿਣ ਵਾਲੇ ਪੰਚ ਗੁਰਜੰਟ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਕੁਮਾਰ, ਇੰਦਰਜੀਤ ਸਿੰਘ, ਕੁਲਵਿੰਦਰ ਸਿੰਘ, ਮਨਦੀਪ ਸਿੰਘ ਤੇ ਬਲਜੀਤ ਸਿੰਘ ਬੱਲੂ ਆਦਿ ਨੇ ਕਿਹਾ ਕਿ ਇਹ ਸੜਕ ਇਲਾਕੇ ਦੀਆਂ ਕਈ ਵੱਡੀਆਂ ਕੰਪਨੀਆਂ ਸਮੇਤ ਦਰਜਨਾਂ ਪਿੰਡਾਂ ਨੂੰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਨਾਲ ਜੋੜਦੀ ਹੈ, ਪਰ ਇਸ ਦੀ ਹਾਲਤ ਖ਼ਰਾਬ ਹੋਣ ਕਾਰਨ ਰਾਹਗੀਰਾਂ ਨੂੰ ਆਵਾਜਾਈ ਪੱਖੋਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਕਤ ਸੜਕ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਸੜਕ ਘੱਟ ਤੇ ਟੋਏ ਵੱਧ ਨਜ਼ਰ ਆਉਂਦੇ ਹਨ ਅਤੇ ਇਹ ਸੜਕ ਪੂਰੀ ਤਰ੍ਹਾਂ ਆਪਣਾ ਵਾਜੂਦ ਗੁਆ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 18 ਫੁੱਟ ਚੌੜੀ ਬਣੀ ਇਸ ਸੜਕ ਦੀ ਹਾਲਤ ਪੰਜਾਬੀ ਢਾਬੇ ਤੋਂ ਲੈ ਕੇ ਪਿੰਡ ਸਿਤਾਰਪੁਰ ਤੱਕ ਕਰੀਬ 2-3 ਕਿੱਲੋਮੀਟਰ ਦੇ ਟੋਏ 'ਚ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਸਿਤਾਰਪੁਰ ਸੰਪਰਕ ਸੜਕ ਹੁਣ ਸੜਕ ਨਾ ਰਹਿ ਕੇ ਖੱਡਿਆਂ 'ਚ ਤਬਦੀਲ ਹੋ ਚੁੱਕੀ ਹੈ, ਜਿਸ ਦੇ ਉਪਰੋਂ ਗੁਜਰਨਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ, ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ | ਉਧਰ ਦੂਜੇ ਪਾਸੇ ਸੰਪਰਕ ਕਰਨ 'ਤੇ ਪੰਜਾਬ ਮੰਡੀ ਬੋਰਡ ਮੁਹਾਲੀ ਦੇ ਐਸ. ਡੀ. ਓ. ਯਯਾਤੀ ਸ਼ਰਮਾ ਨੇ ਕਿਹਾ ਕਿ ਉਕਤ ਸੜਕ ਦੀ ਪ੍ਰਪੋਜ਼ਲ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਹੋਈ ਹੈ, ਜਿਵੇਂ ਹੀ ਮਨਜੂਰੀ ਮਿਲਦੀ ਹੈ ਤਾਂ ਤੁਰੰਤ ਟੈਂਡਰ ਅਲਾਟਮੈਂਟ ਕਰਕੇ ਪਹਿਲ ਦੇ ਆਧਾਰ 'ਤੇ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ |
ਪਿਛਲੀ ਖ਼ਬਰ ਲੰਮਾ ਪਿੰਡ ਚੌਕ-ਜੰਡੂਸਿੰਘਾ ਮਾਰਗ ਦੀ ਖਸਤਾ ਹਾਲਤ ਬਣੀ ਲੋਕਾਂ ਲਈ ਮੁਸੀਬਤ <br/> ਅਗਲੀ ਖ਼ਬਰ ਜ਼ਮੀਨ 'ਤੇ ਕਬਜ਼ਾ ਕਰਨ ਦੀ ਸਾਜਿਸ਼ ਤਹਿਤ ਕੇਅਰ ਟੇਕਰ 'ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।