ਚੁਗਿੱਟੀ/ਜੰਡੂਸਿੰਘਾ, 28 ਅਪ੍ਰੈਲ (ਨਰਿੰਦਰ ਲਾਗੂ)-ਲੰਮਾ ਪਿੰਡ ਚੌਕ-ਜੰਡੂਸਿੰਘਾ ਮਾਰਗ ਦੀ ਖਸਤਾ ਹਾਲਤ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ | ਇਸ ਮਸਲੇ ਦੇ ਹੱਲ ਲਈ ਇਲਾਕਾ ਵਸਨੀਕਾਂ ਤੇ ਦੁਕਾਨਦਾਰਾਂ ਵਲੋਂ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ 'ਚ ਲਿਆਂਦੇ ਜਾਣ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ ਹੀ ਹੈ | ਜਿਸ ਕਾਰਨ ਉਕਤ ਮਾਰਗ ਦੇ ਆਸ-ਪਾਸ ਦੇ ਖੇਤਰ 'ਚ ਰਹਿੰਦੇ ਲੋਕਾਂ ਤੇ ਕੰਮਕਾਰ ਕਰਨ ਵਾਲੇ ਤਮਾਮ ਦੁਕਾਨਦਾਰਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਗੱਲ ਨੂੰ ਲੈ ਕੇ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਭਾਜਪਾ ਆਗੂ ਕਿਰਨਦੀਪ ਸਿੰਘ ਰੰਧਾਵਾ, ਮਨਜੀਤ ਸਿੰਘ ਮਨੀ, ਦਲਜੀਤ ਸਿੰਘ, ਪ੍ਰਦੀਪ ਸਿੰਘ, ਵਿਸ਼ਨੂੰ ਕੁਮਾਰ, ਜਗਦੀਪ ਸਿੰਘ, ਸੰਦੀਪ ਸਿੰਘ ਤੇ ਵੱਖ-ਵੱਖ ਹੋਰ ਰਾਹਗੀਰਾਂ ਨੇ ਦੱਸਿਆ ਕਿ ਉਕਤ ਮਾਰਗ ਕਾਫ਼ੀ ਦੇਰ ਤੋਂ ਮੰਦੀ ਹਾਲਤ ਵਿਚ ਹੈ | ਜਿਥੇ ਪਏ ਟੋਟਿਆਂ ਕਾਰਨ ਆਵਾਜਾਈ ਤਾਂ ਪ੍ਰਭਾਵਿਤ ਹੁੰਦੀ ਹੀ ਹੈ, ਇਸ ਦੇ ਨਾਲ ਹੀ ਵਾਹਨਾਂ ਦੇ ਆਉਣ-ਜਾਣ ਦੌਰਾਨ ਉੱਡਦੀ ਧੂੜ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਦੀ ਲਪੇਟ 'ਚ ਆਉਣ ਕਾਰਨ ਹਰ ਉਮਰ ਵਰਗ ਦੇ ਲੋਕ ਭਿਆਨਕ ਬਿਮਾਰੀਆਂ ਦੀ ਲਪੇਟ 'ਚ ਆ ਰਹੇ ਹਨ | ਉਨ੍ਹਾਂ ਕਿਹਾ ਕਿ ਸੜਕ 'ਤੇ ਪਏ ਟੋਇਆਂ ਕਾਰਨ ਮੁਸੀਬਤ ਉਦੋਂ ਹੋਰ ਗੰਭੀਰ ਹੋ ਜਾਂਦੀ ਹੈ, ਜਦੋਂ ਮੀਂਹ ਪੈਂਦਾ ਹੈ | ਉਸ ਹਾਲਤ 'ਚ ਟੋਇਆਂ 'ਚ ਮੀਂਹ ਦਾ ਪਾਣੀ ਖੜ੍ਹ ਜਾਣ ਕਾਰਨ ਉਨ੍ਹਾਂ ਦੀ ਡੂੰਘਾਈ ਦਾ ਪਤਾ ਨਹੀਂ ਚੱਲਦਾ, ਜਿਸ ਕਾਰਨ ਚਾਲਕਾਂ ਦਾ ਵਾਹਨਾਂ ਤੋਂ ਸੰਤੁਲਨ ਵਿਗੜਨ ਕਾਰਨ ਹਾਦਸੇ ਹੋ ਜਾਂਦੇ ਹਨ | ਉਨ੍ਹਾਂ ਆਖਿਆ ਕਿ ਹੁਣ ਤੱਕ ਕਈ ਹਾਦਸੇ ਹੋ ਚੁੱਕੇ ਹਨ ਤੇ ਉਸ ਦੌਰਾਨ ਲੋਕਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ | ਭਾਜਪਾ ਦੇ ਬੁਲਾਰੇ ਕਿਰਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਉਕਤ ਮਾਰਗ 'ਤੇ ਗੁਲਮੋਹਰ ਸਿਟੀ, ਜੱਜ ਕਾਲੋਨੀ, ਹਰਦੀਪ ਨਗਰ, ਹਰਦਿਆਲ ਨਗਰ, ਥ੍ਰੀ ਸਟਾਰ ਕਾਲੋਨੀ ਸਮੇਤ ਆਸਪਾਸ ਕਈ ਹੋਰ ਕਾਲੋਨੀਆਂ ਹਨ, ਜਿਥੋਂ ਦੇ ਵਸਨੀਕਾਂ ਨੂੰ ਕੰਮਾਂ ਦੇ ਸਿਲਸਿਲੇ 'ਚ ਸ਼ਹਿਰ ਵੱਲ ਆਉਣਾ ਪੈਂਦਾ ਹੈ, ਪਰ ਇਸ ਸੜਕ ਦੀ ਖਸਤਾ ਹਾਲਤ ਕਾਰਨ ਉਨ੍ਹਾਂ ਨੂੰ ਦਿੱਕਤ ਝੱਲਣੀ ਪੈਂਦੀ ਹੈ | ਉਨ੍ਹਾਂ ਦੱਸਿਆ ਕਿ ਇਥੇ ਲਾਈਟਾਂ ਦੀ ਘਾਟ ਕਾਰਨ ਰਾਤ ਨੂੰ ਲੁੱਟ-ਖੋਹ ਦੀਆਂ ਵਾਰਦਾਤਾਂ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ | ਜਿਸ ਪ੍ਰਤੀ ਪੁਲਿਸ ਵਲੋਂ ਵੀ ਸੰਜੀਦਗੀ ਵਰਤੇ ਜਾਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਉਕਤ ਮਾਰਗ 'ਤੇ ਸਥਿਤ ਦੁਕਾਨਦਾਰਾਂ ਦੇ ਕੰਮਕਾਰ ਵੀ ਗਾਹਕਾਂ ਦੀ ਘਾਟ ਕਾਰਨ ਕਾਫ਼ੀ ਘਟ ਗਏ ਹਨ, ਕਿਉਂਕ ਜ਼ਿਆਦਾਤਰ ਲੋਕ ਸੜਕ ਖ਼ਰਾਬ ਹੋਣ ਕਾਰਨ ਖ਼ਰੀਦਦਾਰੀ ਕਰਨ ਲਈ ਘੱਟ ਰੁਕਦੇ ਹਨ | ਇਲਾਕਾ ਵਸਨੀਕਾਂ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣ ਲਈ ਅਪੀਲ ਕੀਤੀ ਗਈ ਹੈ |