ਮੋਰਿੰਡਾ, 29 ਅਪ੍ਰੈਲ (ਪਿ੍ਤਪਾਲ ਸਿੰਘ)-ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਪੰਜਾਬ ਵਲੋਂ ਸ਼ਿਕਾਗੋ ਦੇ ਸ਼ਹੀਦਾਂ ਅਤੇ ਡਾ. ਭੀਮ ਰਾਓ ਅੰਬੇਦਕਰ ਜੀ ਦੀ ਯਾਦ ਵਿਚ 1 ਮਈ ਨੂੰ ਮੋਰਿੰਡਾ ਵਿਖੇ ਚੇਤਨਾ ਮਾਰਚ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੁੱਮਣਾ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਮਲਾਗਰ ਸਿੰਘ ਖਮਾਣੋਂ ਨੇ ਦੱਸਿਆ ਕਿ ਇਸ ਚੇਤਨਾ ਮਾਰਚ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ, ਐਸ. ਸੀ., ਬੀ. ਸੀ. ਅਧਿਆਪਕ ਯੂਨੀਅਨ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ, ਡੈਮੋਕ੍ਰੇਟਿਕ ਟੀਚਰ ਯੂਨੀਅਨ, ਨਰੇਗਾ ਵਰਕਰ ਫਰੰਟ, ਟੈਕਨੀਕਲ ਸਰਵਿਸਿਜ਼ ਯੂਨੀਅਨ ਸੀਟੂ, ਮਕੈਨੀਕਲ ਸਰਵਿਸ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ ਫੈਡਰੇਸ਼ਨ ਏਟਕ, ਰਾਮਦਾਸੀਆ ਵੈੱਲਫੇਅਰ ਸੁਸਾਇਟੀ, ਵਾਲਮੀਕਿ ਸਭਾ ਮੋਰਿੰਡਾ, ਸਮੇਤ ਹੋਰ ਸਮਾਜਿਕ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਉਹਨਾਂ ਦੱਸਿਆ ਕਿ ਮਈ ਦਿਵਸ ਸਬੰਧੀ ਇਹ ਸਮਾਗਮ 1 ਮਈ ਨੂੰ ਸਵੇਰੇ 10 ਵਜੇ ਡਾ ਭੀਮ ਰਾਓ ਅੰਬੇਦਕਰ ਭਵਨ ਨੇੜੇ ਨਗਰ ਖੇੜਾ ਮੋਰਿੰਡਾ ਵਿਖੇ ਅਰੰਭ ਹੋਵੇਗਾ | ਇਸ ਮੌਕੇ ਵੱਖ-ਵੱਖ ਆਗੂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ | ਉਪਰੰਤ ਚੇਤਨਾ ਮਾਰਚ ਕੀਤਾ ਜਾਵੇਗਾ | ਉਪਰੋਕਤ ਆਗੂਆਂ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਕਨਵੀਨਰ ਕਰਨੈਲ ਸਿੰਘ ਜੀਤ, ਸਹਿ ਕਨਵੀਨਰ ਮੋਹਨ ਲਾਲ ਕਾਲਾ ਸਾਬਕਾ ਕੌਂਸਲਰ, ਸਰਪ੍ਰਸਤ ਹਰਮਿੰਦਰ ਸਿੰਘ ਲੱਕੀ, ਕਾਨੂੰਨੀ ਸਲਾਹਕਾਰ ਐਡਵੋਕੇਟ ਪਰਮਿੰਦਰ ਸਿੰਘ ਤੂਰ, ਅਧਿਆਪਕ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਮੋਰਿੰਡਾ, ਗੁਰਦਰਸ਼ਨ ਸਿੰਘ ਢੋਲਣ ਮਾਜਰਾ ਆਦਿ ਆਗੂ ਚੇਤਨਾ ਮਾਰਚ ਦੀ ਅਗਵਾਈ ਕਰਨਗੇ | ਇਸ ਮੌਕੇ ਸੰਘਰਸ਼ ਕਮੇਟੀ ਦੇ ਕਨਵੀਨਰ ਕਰਨੈਲ ਸਿੰਘ ਜੀਤ ਨੇ ਇਲਾਕਾ ਨਿਵਾਸੀਆਂ, ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਅਤੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਦੇਸ਼ ਦੇ ਸੰਵਿਧਾਨ, ਸੰਵਿਧਾਨ ਹੱਕਾਂ ਅਤੇ ਲੋਕ ਤੰਤਰ ਨੂੰ ਬਚਾਉਣ ਲਈ ਵੱਡੀ ਗਿਣਤੀ ਵਿਚ ਚੇਤਨਾ ਮਾਰਚ ਵਿਚ ਸ਼ਮੂਲੀਅਤ ਕਰਨ | ਉਹਨਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਾਜ਼ਿਸ਼ ਅਧੀਨ ਨਿਆਂ ਪਾਲਿਕਾ ਰਾਹੀਂ ਸੰਵਿਧਾਨ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ |