ਸ੍ਰੀ ਅਨੰਦਪੁਰ ਸਾਹਿਬ, 30 ਅਪ੍ਰੈਲ (ਜੇ ਐਸ ਨਿੱਕੂਵਾਲ)-ਸਥਾਨਕ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਡਵੀਜ਼ਨ ਦਫ਼ਤਰ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਬਰਾਂਚ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਪਿਲ ਮਹਿੰਦਲੀ ਦੀ ਅਗਵਾਈ ਹੇਠ ਕੀਤੀ ਗਈ | ਜਿਸ ਵਿਚ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਪ੍ਰਧਾਨ ਮੱਖਣ ਕਾਲਸ, ਸੁਰਿੰਦਰ ਕੁਮਾਰ, ਜਸਮਿੰਦਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮਜ਼ਦੂਰ ਕਿਸੇ ਵੀ ਦੇਸ਼ ਅਤੇ ਪ੍ਰਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਜਿਸ ਕਾਰਨ ਸਰਕਾਰਾਂ ਵਲੋਂ ਇਨ੍ਹਾਂ ਨੂੰ ਕਾਨੂੰਨ ਅਨੁਸਾਰ ਬਣਦੀ ਤਨਖ਼ਾਹ ਅਤੇ ਹੋਰ ਸਹੂਲਤਾਂ ਦੇਣੀਆਂ ਸਰਕਾਰ ਦਾ ਸੰਵਿਧਾਨਕ ਅਤੇ ਨੈਤਿਕ ਕਰਤੱਵ ਹੈ | ਉਨ੍ਹਾਂ ਕਿਹਾ ਕਿ ਜਦੋਂ ਵੀ ਮਜ਼ਦੂਰਾਂ ਵਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਸੂਬਾ ਸਰਕਾਰ ਵਲੋਂ ਉਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ | ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਮਜ਼ਦੂਰ ਦਿਵਸ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸੰਗਰੂਰ ਸਥਿਤ ਰਿਹਾਇਸ਼ ਦਾ ਜ਼ੋਰਦਾਰ ਘਿਰਾਓ ਕੀਤਾ ਜਾਵੇਗਾ | ਜਿਸ ਵਿਚ ਸ੍ਰੀ ਅਨੰਦਪੁਰ ਸਾਹਿਬ, ਨੰਗਲ, ਨੂਰਪੁਰ ਬੇਦੀ ਤੋਂ ਵਰਕਰ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ | ਇਸ ਮੌਕੇ ਪੂਜਾ ਰਾਣੀ, ਜਸਵਿੰਦਰ ਕੌਰ, ਕਿਰਨ ਬਾਲਾ, ਪਰਸ਼ੋਤਮ ਕੋਰ, ਸੋਨੂੰ ਕੁਮਾਰ, ਸੁਰਿੰਦਰ ਬਰੋਟਾ, ਗੁਰਮੁਖ ਸਿੰਘ, ਗੁਰਜੀਤ, ਜੀਤ ਰਾਮ, ਅਮਿਤ, ਪੱਪੂ ਸਹੋਤਾ, ਕਿਸ਼ੋਰੀ, ਅਰਜੁਨ ਸਿੰਘ, ਰੇਸ਼ਮ ਜਲੰਧਰ, ਮਨਜੀਤ ਸਿੰਘ, ਰਘੂਬੀਰ ਸਿੰਘ, ਸਤਨਾਮ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |