ਪੰਚਕੂਲਾ, 17 ਮਈ (ਕਪਿਲ)-ਹਰਿਆਣਾ ਦੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਅਤੇ ਵਿੱਤ ਕਮਿਸ਼ਨਰ ਤੇ ਵਧੀਕ ਮੁੱਖ ਸਕੱਤਰ ਰੈਵਨਿਊ ਡਾ. ਸੁਮਿਤਾ ਮਿਸ਼ਰਾ ਨੇ ਅੱਜ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਰਾਜ 'ਚ ਚੱਲ ਰਹੇ ਜਨਗਣਨਾ ਕੰਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ | ਇਸ ਮੀਟਿੰਗ 'ਚ ਜਨਗਣਨਾ ਦੇ ਕੰਮਾਂ ਦੀ ਮੌਜੂਦਾ ਸਥਿਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਕੰਮ 'ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ | ਇਸ ਦੌਰਾਨ ਸਪੱਸ਼ਟ ਨਿਰਦੇਸ਼ ਦਿੱਤੇ ਗਏ ਕਿ ਜੋ ਕਰਮਚਾਰੀ ਜਨਗਣਨਾ ਦੇ ਕੰਮ 'ਚ ਲਾਪਰਵਾਹੀ ਕਰ ਰਹੇ ਹਨ ਜਾਂ ਆਪਣੇ ਫਰਜ਼ਾਂ ਦੀ ਢੰਗ ਨਾਲ ਪਾਲਣਾ ਨਹੀਂ ਕਰ ਰਹੇ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ ਨੇ ਮਿੰਨੀ ਸਕੱਤਰੇਤ ਦੇ ਸਭਾਗਾਰ 'ਚ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ 'ਚ ਚੱਲ ਰਹੇ ਜਨਗਣਨਾ ਦੇ ਕੰਮ ਦੀ ਸਮੀਖਿਆ ਕੀਤੀ | ਇਸ ਮੌਕੇ ਉਨ੍ਹਾਂ ਦੱਸਿਆ ਕਿ ਜੋ ਕਰਮਚਾਰੀ ਡਿਊਟੀ 'ਤੇ ਰਿਪੋਰਟ ਨਹੀਂ ਕਰ ਰਹੇ, ਉਨ੍ਹਾਂ ਖ਼ਿਲਾਫ਼ ਐਫ਼. ਆਈ. ਆਰ. ਦਰਜ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਅਤੇ ਸੰਬੰਧਿਤ ਵਿਭਾਗਾਂ ਨੂੰ ਉਨ੍ਹਾਂ ਦੀ ਮੁਅੱਤਲੀ ਲਈ ਵੀ ਲਿਖਿਆ ਜਾਵੇਗਾ | ਨਗਰ ਨਿਗਮ ਪੰਚਕੂਲਾ ਵਲੋਂ ਇਕ ਪੱਤਰ ਰਾਹੀਂ ਇਸ ਤਰ੍ਹਾਂ ਦੀ ਕੁਤਾਹੀ ਕਰਨ ਵਾਲੇ 21 ਕਰਮਚਾਰੀਆਂ ਦੇ ਨਾਂਅ ਦਿੱਤੇ ਗਏ ਹਨ. ਜਿਨ੍ਹਾਂ ਖ਼ਿਲਾਫ਼ ਮੁਅਤਲੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਉਨ੍ਹਾਂ ਦੇ ਵਿਭਾਗ ਮੁਖੀਆਂ ਨੂੰ ਲਿਖਿਆ ਜਾਵੇਗਾ | ਇਸੇ ਮਾਮਲੇ ਵਿਚ ਦੀਪਕ ਸੁਖੀਜਾ, ਚਾਰਜ ਅਧਿਕਾਰੀ ਨਗਰ ਪ੍ਰੀਸ਼ਦ ਕਾਲਕਾ ਨੂੰ 2 ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜੇਕਰ 2 ਦਿਨਾਂ ਦੇ ਅੰਦਰ ਜਨਗਣਨਾ ਦੇ ਕੰਮ ਵਿਚ ਤੇਜ਼ੀ ਨਹੀਂ ਆਉਂਦੀ ਤਾਂ ਉਕਤ ਅਧਿਕਾਰੀ ਖ਼ਿਲਾਫ਼ ਵੀ ਮੁਅੱਤਲੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ਕਰਮਚਾਰੀਆਂ ਦਾ ਸਹਿਯੋਗ ਕਰਨ ਅਤੇ ਆਪਣੀ ਸਹੀ ਤੇ ਪੂਰੀ ਜਾਣਕਾਰੀ ਉਪਲਬਧ ਕਰਵਾਉਣ ਤਾਂ ਜੋ ਜਨਗਣਨਾ ਦਾ ਕੰਮ ਸਫਲਤਾਪੂਰਵਕ ਸੰਪੰਨ ਹੋ ਸਕੇ | ਇਸ ਮੌਕੇ ਸਿਟੀ ਮੈਜਿਸਟ੍ਰੇਟ ਜਾਗਿ੍ਤੀ, ਤਹਿਸੀਲਦਾਰ ਪੰਚਕੂਲਾ ਸੁਰੇਸ਼ ਕੁਮਾਰ, ਤਹਿਸੀਲਦਾਰ ਕਾਲਕਾ ਨੀਤੀਸ਼ ਸਿੰਗਲਾ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਧਿਆ ਛਿਕਾਰਾ ਅਤੇ ਹੋਰ ਸੰਬੰਧਿਤ ਅਧਿਕਾਰੀ ਮੌਜੂਦ ਸਨ |