ਮੁੱਲਾਂਪੁਰ ਗਰੀਬਦਾਸ, 17 ਮਈ (ਦਿਲਬਰ ਸਿੰਘ ਖੈਰਪੁਰ)- ਇੰਟਰਨੈਸ਼ਨਲ ਡਿਵਾਈਨ ਕਾਲਜ ਆਫ਼ ਐਜੂਕੇਸ਼ਨ ਰਤਵਾੜਾ ਸਾਹਿਬ ਦਾ ਵਿਦਾਇਗੀ-ਕਮ-ਸਾਲਾਨਾ ਇਨਾਮ ਵੰਡ ਸਮਾਰੋਹ ਬਹੁਤ ਹੀ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਗਿਆ | ਸਮਾਗਮ ਵਿਚ ਉੱਘੇ ਪਤਵੰਤਿਆਂ, ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਭਰਵੀਂ ਹਾਜ਼ਰੀ ਲੁਆਈ | ਪ੍ਰੋਗਰਾਮ 'ਚ ਡਾ. ਸਰਬਜਿੰਦਰ ਸਿੰਘ (ਵੀ. ਸੀ. ਸੰਨੀ ਓਬਰਾਏ ਵਿਵੇਕ ਸਦਨ ਫਿਊਚਰਿਸਟਿਕ ਯੂਨੀਵਰਸਿਟੀ, ਸ੍ਰੀ ਅਨੰਦਪੁਰ ਸਾਹਿਬ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਨੇ ਇਕ ਅਧਿਆਪਕ ਦੀ ਭੂਮਿਕਾ, ਅਧਿਆਪਨ ਦੀ ਵਿਧੀ ਤੇ ਨਿਰੰਤਰ ਸਿੱਖਣ ਅਤੇ ਅਪਗ੍ਰੇਡੇਸ਼ਨ ਦੀ ਮਹੱਤਤਾ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ | ਡਾ. ਸੁਖਵਿੰਦਰ ਸਿੰਘ (ਡਾਇਰੈਕਟਰ, ਕਾਲਜ) ਨੇ ਸਮਾਜ ਨੂੰ ਸੇਧ ਦੇਣ ਵਿਚ ਇਕ ਸਲਾਹਕਾਰ ਤੇ ਅਧਿਆਪਕ ਦੀ ਮਹੱਤਤਾ 'ਤੇ ਚਾਨਣਾ ਪਾਇਆ | ਮਹਿੰਦਰਪਾਲ ਸਿੰਘ (ਸਹਾਇਕ ਡਾਇਰੈਕਟਰ ਕਾਲਜ) ਨੇ ਸਮਾਗਮ ਨੂੰ ਸਫਲਤਾਪੂਰਵਕ ਕਰਵਾਉਣ 'ਚ ਵਿਦਿਆਰਥੀਆਂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਸਮਰਪਣ ਤੇ ਟੀਮ ਵਰਕ ਲਈ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਪਤਵੰਤਿਆਂ ਵਿਚ ਹਰਜਿੰਦਰ ਸਿੰਘ ਤੇ ਅਵਜਿੰਦਰ ਸਿੰਘ ਵੀ ਸ਼ਾਮਿਲ ਸਨ | ਸਮਾਰੋਹ ਦੌਰਾਨ ਅੰਸੀਤਾ ਨੂੰ ਕਾਲਜ ਕਲਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਦੀਕਸ਼ਾ ਨੂੰ ਮੋਸਟ ਸਪੋਰਟਿਵ ਸਟੂਡੈਂਟ ਦਾ ਪੁਰਸਕਾਰ ਮਿਲਿਆ | ਅਕਾਦਮਿਕ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਅਵਨੀਤ ਕੌਰ, ਪ੍ਰਾਂਜਲ ਸ਼ਰਮਾ, ਨਵਜੋਤ ਕੌਰ ਤੇ ਅੰਸੀਤਾ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਤਵਾੜਾ ਸਹਿਬ ਟਰੱਸਟ ਦੇ ਚੇਅਰਮੈਨ ਸੰਤ ਬਾਬਾ ਲਖਬੀਰ ਸਿੰਘ ਨੇ ਇਸ ਸ਼ੁਭ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਲਈ ਸ਼ੁਭ ਕਾਮਨਾਵਾਂ ਭੇਜੀਆਂ | ਸਟੇਜ ਸੰਚਾਲਨ ਪਵਿੱਤਰਾ ਪ੍ਰਸ਼ਾਦ ਨੇ ਕੀਤਾ ਤੇ ਡਾ. ਹਰਪ੍ਰੀਤ ਕੌਰ (ਪਿ੍ੰਸੀਪਲ) ਨੇ ਮਹਿਮਾਨਾਂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ ਅਤੇ ਧੰਨਵਾਦ ਪ੍ਰਗਟ ਕੀਤਾ |