ਕੁਰਾਲੀ, 17 ਮਈ ( ਹਰਪ੍ਰੀਤ ਸਿੰਘ)-ਜਨਗਣਨਾ 2027 ਦੀ ਪ੍ਰਕਿਰਿਆ ਦੇ ਤਹਿਤ ਅੱਜ ਕੁਰਾਲੀ ਦੇ ਵਾਰਡ ਨੰ. 9 ਵਿਖੇ ਫੀਲਡ ਟ੍ਰੇਨਰਾਂ ਵਲੋਂ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਦੌਰਾਨ ਮਾ. ਮਨਮੋਹਨ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਵਾਰਡ ਨੰ. 10 ਦੇ ਸਾਬਕਾ ਕੌਂਸਲਰ ਬਹਾਦਰ ਸਿੰਘ ਓ. ਕੇ. ਨਾਲ ਮੁਲਾਕਾਤ ਕਰਦਿਆਂ ਡਿਜ਼ੀਟਲ ਮਾਧਿਅਮ ਰਾਹੀਂ ਹੋਣ ਵਾਲੀ ਸਵੈ-ਗਣਨਾ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ | ਫੀਲਡ ਟ੍ਰੇਨਰਾਂ ਨੇ ਦੱਸਿਆ ਕਿ ਇਸ ਵਾਰ ਸਰਕਾਰ ਵਲੋਂ ਜਨਗਣਨਾ ਨੂੰ ਵਧੇਰੇ ਸੁਖਾਲਾ ਅਤੇ ਪਾਰਦਰਸ਼ੀ ਬਣਾਉਣ ਲਈ ਡਿਜ਼ੀਟਲ ਸਹੂਲਤ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਲੋਕ ਹੁਣ ਆਪਣੇ ਮੋਬਾਈਲ ਜਾਂ ਕੰਪਿਊਟਰ ਰਾਹੀਂ ਪੋਰਟਲ 'ਤੇ ਜਾ ਕੇ ਖ਼ੁਦ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰ ਸਕਦੇ ਹਨ | ਇਸ ਨਾਲ ਨਾ ਸਿਰਫ਼ ਸਮੇਂ ਦੀ ਬਚਤ ਹੋਵੇਗੀ, ਸਗੋਂ ਡਾਟਾ ਪ੍ਰੋਸੈਸਿੰਗ ਵਿਚ ਵੀ ਤੇਜ਼ੀ ਆਵੇਗੀ | ਇਸੇ ਦੌਰਾਨ ਸਾਬਕਾ ਕੌਂਸਲਰ ਓ. ਕੇ. ਨੇ ਸ਼ਹਿਰ ਵਾਸੀਆਂ ਨੂੰ ਇਸ ਜਣਗਨਣਾ ਦਾ ਹਿੱਸਾ ਬਨਣ ਦੀ ਅਪੀਲ ਕੀਤੀ ਤਾਂ ਜੋ ਦੇਸ਼ ਦੇ ਵਿਕਾਸ ਲਈ ਸਹੀ ਅੰਕੜੇ ਜੁਟਾਏ ਜਾ ਸਕਣ |