ਚੰਡੀਗੜ੍ਹ, 17 ਮਈ (ਅਜੀਤ ਬਿਊਰੋ) - ਪੰਜਾਬ ਭਿਆਨਕ ਗਰਮੀ ਤੇ ਗੈਸਟ੍ਰੋਐਂਟਰਾਈਟਿਸ ਤੇ ਡਿਹਾਈਡ੍ਰੇਸ਼ਨ ਦੇ ਵਧਦੇ ਮਾਮਲਿਆਂ ਦੀ ਮਾਰ ਝੱਲ ਰਿਹਾ ਹੈ | ਇਸ ਸਥਿਤੀ ਵਿਚ ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਹਜ਼ਾਰਾਂ ਪਰਿਵਾਰਾਂ ਲਈ ਮਜ਼ਬੂਤ ਸਹਾਰਾ ਬਣ ਕੇ ਉੱਭਰੀ ਹੈ | ਤਿੱਖੀ ਗਰਮੀ ਦਾ ਅਸਰ ਹੁਣ ਸਿਰਫ਼ ਖੇਤਾਂ ਤੇ ਸੜਕਾਂ ਤੱਕ ਸੀਮਿਤ ਨਹੀਂ ਰਹਿ ਗਿਆ, ਬਲਕਿ ਹਸਪਤਾਲਾਂ ਦੇ ਵਾਰਡਾਂ ਤੱਕ ਪਹੁੰਚ ਗਿਆ ਹੈ ਜਿੱਥੇ ਡਿਹਾਈਡ੍ਰੇਸ਼ਨ ਤੇ ਪੇਟ ਸੰਕਰਮਣ ਕਾਰਨ ਵੱਡੀ ਗਿਣਤੀ ਵਿਚ ਮਰੀਜ਼ ਇਲਾਜ ਲਈ ਆ ਰਹੇ ਹਨ | ਹਾਲਾਂਕਿ, ਵਧ ਰਹੀ ਬਿਮਾਰੀ ਦੇ ਵਿਚਕਾਰ ਕਈ ਪਰਿਵਾਰਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਕੈਸ਼ਲੈੱਸ ਇਲਾਜ ਨਾਲ ਰਾਹਤ ਮਿਲ ਰਹੀ ਹੈ | ਜਨਵਰੀ ਤੋਂ ਅਪ੍ਰੈਲ ਤੱਕ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 3,279 ਗੰਭੀਰ ਮਾਮਲਿਆਂ ਵਿਚ ਕੈਸ਼ਲੈੱਸ ਇਲਾਜ ਪ੍ਰਦਾਨ ਕੀਤਾ ਗਿਆ ਜਿਸ ਵਿਚ ਸਿਰਫ਼ ਗੈਸਟਰੋ ਤੇ ਪੇਟ ਸੰਬੰਧੀ ਬਿਮਾਰੀਆਂ 'ਤੇ 73.42 ਲੱਖ ਖ਼ਰਚ ਕੀਤੇ ਗਏ | ਸਰਕਾਰੀ ਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਪੇਟ ਸੰਕਰਮਣ, ਉਲਟੀ, ਕਮਜ਼ੋਰੀ ਤੇ ਗੰਭੀਰ ਡਿਹਾਈਡ੍ਰੇਸ਼ਨ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ | ਯੋਜਨਾ ਦੇ ਇਲਾਜ ਰਿਕਾਰਡ ਅਨੁਸਾਰ ਅਪ੍ਰੈਲ ਮਹੀਨੇ ਵਿਚ ਹੀ 1,400 ਤੋਂ ਵੱਧ ਮਰੀਜ਼ਾਂ ਨੇ ਡਿਹਾਈਡ੍ਰੇਸ਼ਨ ਨਾਲ ਸੰਬੰਧਿਤ ਗੈਸਟਰੋਇੰਟੈਸਟਾਈਨਲ ਸਮੱਸਿਆਵਾਂ ਦਾ ਇਲਾਜ ਕਰਵਾਇਆ | ਇਨ੍ਹਾਂ ਮਾਮਲਿਆਂ ਵਿਚ ਮੋਡਰੇਟ ਡਿਹਾਈਡ੍ਰੇਸ਼ਨ ਦੇ ਨਾਲ ਗੈਸਟ੍ਰੋਐਂਟਰਾਈਟਿਸ ਵਾਲੇ ਮਰੀਜ਼ ਸਭ ਤੋਂ ਵੱਧ ਰਹੇ, ਜਿੰਨ੍ਹਾਂ ਦੀ ਗਿਣਤੀ 1,050 ਤੋਂ ਵੱਧ ਰਹੀ | ਲਗਭਗ 115 ਮਰੀਜ਼ ਗੰਭੀਰ ਡਿਹਾਈਡ੍ਰੇਸ਼ਨ ਨਾਲ ਪੀੜਤ ਸਨ, ਜਦਕਿ 250 ਤੋਂ ਵੱਧ ਮਰੀਜ਼ਾਂ ਨੂੰ ਵਾਰ-ਵਾਰ ਉਲਟੀ ਕਾਰਨ ਸਰੀਰ ਵਿਚ ਦ੍ਰਵ ਦੀ ਕਮੀ ਅਤੇ ਬਹੁਤ ਜ਼ਿਆਦਾ ਥਕਾਵਟ ਦੇ ਕਾਰਨ ਹਸਪਤਾਲ ਵਿਚ ਦਾਖ਼ਲ ਕਰਨਾ ਪਿਆ | ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਦੇ ਬਾਲ ਰੋਗ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ. ਸ਼ਸ਼ੀ ਕਾਂਤ ਧੀਰ ਅਨੁਸਾਰ ਅਤਿ ਗਰਮੀ ਪੇਟ ਸੰਕਰਮਣ ਦੇ ਮਾਮਲਿਆਂ ਵਿਚ ਵਾਧਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ 'ਤਿੱਖੀ ਗਰਮੀ ਵਿਚ ਭੋਜਨ ਜਲਦੀ ਖ਼ਰਾਬ ਹੋ ਜਾਂਦਾ ਹੈ ਅਤੇ ਦੂਸ਼ਿਤ ਪਾਣੀ ਤੇ ਅਸਵੱਛ ਖ਼ੁਰਾਕ ਬਿਮਾਰੀਆਂ ਦੇ ਖ਼ਤਰੇ ਨੂੰ ਵਧਾਉਂਦੇ ਹਨ |' ਬਜ਼ੁਰਗਾਂ ਵਿਚ ਇਸ ਮੌਸਮ ਵਿਚ ਰਿਕਵਰੀ ਹੌਲੀ ਹੁੰਦੀ ਹੈ ਤੇ ਸਰੀਰ ਵਿਚ ਪਾਣੀ ਨੂੰ ਰੋਕ ਕੇ ਰੱਖਣ ਦੀ ਸਮਰੱਥਾ ਵੀ ਘੱਟ ਹੋ ਜਾਂਦੀ ਹੈ | ਡਾ. ਸ਼ਸ਼ੀ ਕਾਂਤ ਧੀਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਬੱਚੇ ਵੀ ਤੇਜ਼ੀ ਨਾਲ ਡਿਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ | ਬੱਚਿਆਂ ਵਿਚ ਉਲਟੀ ਅਤੇ ਦਸਤ ਕਾਰਨ ਸਰੀਰ ਵਿਚ ਤਰਲ ਪਦਾਰਥ ਤੇਜ਼ੀ ਨਾਲ ਘੱਟ ਜਾਂਦਾ ਹੈ | ਅੰਕੜਿਆਂ ਅਨੁਸਾਰ ਇਸ ਗਰਮੀ ਦੇ ਸਿਹਤ ਸੰਕਟ ਦਾ ਸਭ ਤੋਂ ਵੱਧ ਪ੍ਰਭਾਵ ਸੀਨੀਅਰ ਨਾਗਰਿਕਾਂ 'ਤੇ ਪਿਆ ਹੈ | ਅਪ੍ਰੈਲ ਵਿਚ 1,290 ਤੋਂ ਵੱਧ ਬਜ਼ੁਰਗਾਂ ਨੇ ਇਸ ਯੋਜਨਾ ਤਹਿਤ ਇਲਾਜ ਕਰਵਾਇਆ, ਜਦਕਿ ਲਗਭਗ 120 ਬੱਚਿਆਂ ਨੇ ਇਲਾਜ ਪ੍ਰਾਪਤ ਕੀਤਾ | ਹੁਸ਼ਿਆਰਪੁਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਜਿੱਥੇ ਸਿਰਫ਼ ਮੋਡਰੇਟ ਡਿਹਾਈਡ੍ਰੇਸ਼ਨ ਦੇ ਨਾਲ ਤੀਬਰ ਗੈਸਟ੍ਰੋਐਂਟਰਾਈਟਿਸ ਵਾਲੇ 250 ਤੋਂ ਵੱਧ ਬਜ਼ੁਰਗ ਮਰੀਜ਼ਾਂ ਦਾ ਇਲਾਜ ਕੀਤਾ ਗਿਆ | ਜਲੰਧਰ ਵਿਚ ਵੀ 100 ਤੋਂ ਵੱਧ ਮਾਮਲੇ ਦਰਜ ਹੋਏ | ਪਟਿਆਲਾ, ਲੁਧਿਆਣਾ, ਰੂਪਨਗਰ, ਬਰਨਾਲਾ, ਸੰਗਰੂਰ, ਬਠਿੰਡਾ ਤੇ ਸ਼ਹੀਦ ਭਗਤ ਸਿੰਘ ਨਗਰ 'ਚ ਵੀ ਇਸੇ ਤਰ੍ਹਾਂ ਦੇ ਰੁਝਾਨ ਵੇਖੇ ਗਏ ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ, ਪਠਾਨਕੋਟ, ਸ੍ਰੀ ਫ਼ਤਿਹਗੜ੍ਹ ਸਾਹਿਬ ਤੇ ਗੁਰਦਾਸਪੁਰ ਜ਼ਿਲਿ੍ਹਆਂ ਵਿਚ ਉਲਟੀ ਤੇ ਡਿਹਾਈਡ੍ਰੇਸ਼ਨ ਦੇ ਕਈ ਮਾਮਲੇ ਸਾਹਮਣੇ ਆਏ ਜਿੰਨ੍ਹਾਂ ਵਿਚ ਕਈ ਮਰੀਜ਼ਾਂ ਨੂੰ ਤੁਰੰਤ ਹਸਪਤਾਲ